ਮਹਿਲਾ ਆਗੂ ’ਤੇ ਹਮਲੇ ਖ਼ਿਲਾਫ਼ ਰੋਸ ਰੈਲੀ
ਖੇਤਰੀ ਪ੍ਰਤੀਨਿਧ
ਬਰਨਾਲਾ, 29 ਸਤੰਬਰ
ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ ਹਮਲੇ ਦੇ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਲਈ ਜਨਤਕ ਜਥੇਬੰਦੀਆਂ ਤੇ ਪਿੰਡ ਵਾਸੀਆਂ ਵੱਲੋਂ ਜੋਧਪੁਰ ਵਿੱਚ ਵਿਸ਼ਾਲ ਗੁੰਡਾਗਰਦੀ ਵਿਰੋਧੀ ਭਰਵੀਂ ਰੈਲੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨਰਾਇਣ ਦੱਤ, ਸੋਹਣ ਸਿੰਘ ਮਾਝੀ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ ਜੋਧਪੁਰ, ਗੁਰਮੇਲ ਠੁੱਲੀਵਾਲ, ਰਾਜੀਵ ਕੁਮਾਰ, ਗੁਰਮੇਲ ਭੁਟਾਲ, ਹਰਪ੍ਰੀਤ ਮਲੂਕਪੁਰ, ਗੁਰਪ੍ਰੀਤ ਸ਼ਹਿਣਾ, ਜਸਪਾਲ ਚੀਮਾ, ਹਰਮੰਡਲ ਜੋਧਪੁਰ, ਬਲਵੀਰ ਸਿੰਘ ਜੋਧਪੁਰ, ਅਮਿੱਤ ਮਿੱਤਰ, ਜਗਜੀਤ ਢਿੱਲਵਾਂ, ਹਰਨੇਕ ਸਿੰਘ ਸੋਹੀ ਤੇ ਅਮਰੀਕ ਸਿੰਘ ਨੇ ਕਿਹਾ ਕਿ ਪੁਲੀਸ ਅੰਦਰਲੀਆਂ ਕਾਲੀਆਂ ਭੇਡਾਂ ਦੀ ਕਥਿਤ ਮਿਲੀਭੁਗਤ ਨਾਲ ਹੀ ਨਸ਼ਿਆਂ ਦਾ ਮੱਕੜਜਾਲ ਫੈਲਿਆ ਹੈਇਆ ਹੈ ਜਿਸ ਦੇ ਸਿੱਟੇ ਵਜੋਂ ਨੌਜਵਾਨਾਂ ਦੀਆਂ ਅਰਥੀਆਂ ਨੂੰ ਬੁੱਢੇ ਮਾਂ-ਬਾਪ ਸ਼ਮਸ਼ਾਨਘਾਟ ਵੱਲ ਲਿਜਾਣ ਲਈ ਮਜਬੂਰ ਹਨ। ਔਰਤਾਂ ਖ਼ਿਲਾਫ਼ ਅਪਰਾਧਾਂ ’ਚ ਬੇਤਹਾਸ਼ਾ ਵਾਧਾ ਹੋਇਆ ਹੈ। ਆਗੂਆਂ ਨੇ ਅਜਿਹੇ ਘਾਤਕ ਵਰਤਾਰਿਆਂ ਵਿਰੁੱਧ ਲੋਕ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ ਜਥੇਬੰਦਕ ਦਬਾਅ ਅਧੀਨ ਮਾਮਲੇ ਸਬੰਧੀ ਥਾਣਾ ਸਦਰ ਬਰਨਾਲਾ ਵਿੱਚ ਪੁਲੀਸ ਨੇ ਧਾਰਾ 309 (4) ਅਤੇ 331 (4) ਬੀਐੱਨਐੱਸ ਤਹਿਤ ਐੱਫ਼ਆਈਆਰ ਨੰਬਰ 0126 ਦਰਜ ਕਰ ਕੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਕਥਿਤ ਦੋਸ਼ੀ ਖਿਲਾਫ਼ ਇਰਾਦਾ ਕਤਲ ਦੀਆਂ ਬਣਦੀਆਂ ਧਾਰਾਵਾਂ ਦਾ ਵਾਧਾ ਕੀਤਾ ਜਾਵੇ। ਰੈਲੀ ਦੌਰਾਨ ਸਟੇਜ ਸਕੱਤਰ ਦੇ ਫਰਜ਼ ਸੁਖਵਿੰਦਰ ਠੀਕਰੀਵਾਲ ਨੇ ਨਿਭਾਏ।