ਪਾਵਰਕੌਮ ਮੁਲਾਜ਼ਮਾਂ ਵੱਲੋਂ ਮੰਗਾਂ ਦੇ ਹੱਕ ਵਿੱਚ ਰੋਸ ਰੈਲੀਆਂ
ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 29 ਜੁਲਾਈ
ਸਾਂਝੇ ਫੌਰਮ ਪੰਜਾਬ ਦੇ ਸੱਦੇ ’ਤੇ ਪਾਵਰਕੌਮ ਮੁਲਾਜ਼ਮਾਂ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਦੇ ਹੱਕ ’ਚ ਸਬ-ਡਿਵੀਜ਼ਨ ਦਫ਼ਤਰ ਭਾਈ ਰੂਪਾ ਅੱਗੇ ਰੋਸ ਰੈਲੀ ਕੀਤੀ ਗਈ। ਇਕੱਤਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੀ.ਐੱਸ.ਈ.ਬੀ. ਐਂਪਲਾਈਜ ਫੈੱਡਰੇਸ਼ਨ ਦੇ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਭਾਈ ਰੂਪਾ ਅਤੇ ਟੀ.ਐੱਸ.ਯੂ. ਪ੍ਰਧਾਨ ਦੇ ਲਖਵਿੰਦਰ ਸਿੰਘ ਢਪਾਲੀ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਪੁਲੀਸ ਤੇ ਫੌਜ ਦੇ ਮੁਲਾਜ਼ਮਾਂ ਨੂੰ ਮੌਤ ਹੋਣ ’ਤੇ ਸ਼ਹੀਦ ਦਾ ਦਰਜਾ ਤੇ 1 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਬਿਜਲੀ ਮੁਲਾਜ਼ਮਾਂ ਨੂੰ ਵੀ ਇਹ ਦਰਜਾ ਤੇ ਰਾਸ਼ੀ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮ੍ਰਿਤਕ ਬਿਜਲੀ ਮੁਲਾਜ਼ਮ ਦੇ ਵਾਰਿਸਾਂ ਨੂੰ ਨੌਕਰੀ ਦਿੱਤੀ ਜਾਵੇ, ਮਹਿਕਮੇ ਵਿੱਚ ਸੇਵਾ ਮੁਕਤ ਮੁਲਾਜ਼ਮ ਦੀ ਬਜਾਇ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ਅਤੇ 293-294-295-296/19 ਦੇ ਤਹਿਤ ਭਰਤੀ ਹੋਏ ਮੁਲਾਜਮਾਂ ਨੂੰ ਬਿਜਲੀ ਨਿਗਮ ਦੇ ਸਕੇਲਾਂ ਮੁਤਾਬਕ ਤਨਖਾਹ ਦਿੱਤੀ ਜਾਵੇ। ਆਗੂਆਂ ਨੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 31 ਜੁਲਾਈ 2024 ਤੱਕ ਸਾਂਝੇ ਫੋਰਮ ਨਾਲ ਕੋਈ ਮੀਟਿੰਗ ਤੈਅ ਨਾ ਕੀਤੀ ਗਈ ਤਾਂ ਪੂਰੇ ਪੰਜਾਬ ’ਚ ਧਰਨੇ ਦਿੱਤੇ ਜਾਣਗੇ। ਇਸ ਮੌਕੇ ਦੀਦਾਰ ਸਿੰਘ, ਕੁਲਵੰਤ ਸਿੰਘ, ਪਰਮਪ੍ਰੀਤ ਸ਼ਰਮਾ, ਬਲਜੀਤ ਕੁਮਾਰ, ਇਕਬਾਲ ਸਿੰਘ, ਅਜੈਬ ਸਿੰਘ, ਮੰਦਰ ਸਿੰਘ, ਲੀਲਾ ਸਿੰਘ, ਹਰਵਿੰਦਰ ਸਿੱਧੂ, ਮਹਿੰਦਰ ਸਿੰਘ ਤੇ ਹਰਜੀਤ ਸਿੰਘ ਹਾਜ਼ਰ ਸਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸਬ ਡਿਵੀਜ਼ਨ ਭੁੱਚੋ ਕਲਾਂ ਦੇ ਬਿਜਲੀ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਸਾਂਝੇ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ’ਤੇ ਬਿਜਲੀ ਗਰਿੱਡ ’ਤੇ ਰੋਸ ਧਰਨਾ ਦਿੱਤਾ। ਉਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ’ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਰਾਜਮਹੇਸ਼ ਸਿੰਘ ਨੇ ਕਿਹਾ ਕਿ ਪਾਵਰਕੌਮ ਦੇ ਪ੍ਰਬੰਧਕ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਕਰੰਟ ਲੱਗਣ ਕਾਰਨ ਹਾਦਸਿਆਂ ਵਿੱਚ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਤਰਸ ਦੇ ਆਧਾਰ ’ਤੇ ਮਾਲੀ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਗਰਿੱਡ ਸਬ ਸਟੇਸ਼ਨ ਸਟਾਫ਼ ਨੂੰ ਤੁਰੰਤ ਤਰੱਕੀ ਦਿੱਤੀ ਜਾਵੇ, ਠੇਕੇ ਤੋਂ ਉਪਰ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਹੋਰ ਜਾਇਜ਼ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਸਰਕਲ ਆਗੂ ਗੁਰਮੀਤ ਸਿੰਘ, ਮੰਡਲ ਆਗੂ ਰਵਿੰਦਰ ਕੁਮਾਰ, ਦੀਪ ਚੰਦ, ਪਰਸਨ ਸਿੰਘ, ਸੁਖਪਾਲ ਸਿੰਘ, ਕੁਲਵਿੰਦਰ ਸਿੰਘ ਹਾਜ਼ਰ ਸਨ।