ਕ੍ਰਾਂਤੀਕਾਰੀ ਯੁਵਾ ਸੰਗਠਨ ਵੱਲੋਂ ਡੀਯੂ ’ਚ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਅੱਜ ਫਿਲਸਤੀਨੀਆਂ ਨਾਲ ਇਕਜੁੱਟਤਾ ਦੇ ਅੰਤਰਰਾਸ਼ਟਰੀ ਦਿਵਸ ’ਤੇ ਫਲਸਤੀਨ ’ਚ ਸ਼ਾਂਤੀ ਅਤੇ ਨਿਆਂ ਦੀ ਮੰਗ ਕਰਦੇ ਹੋਏ, ਦਿੱਲੀ ਯੂਨੀਵਰਸਿਟੀ ਦੇ ਆਰਟਸ ਫੈਕਲਟੀ ’ਚ ਇੱਕ ਰੋਸ ਮੀਟਿੰਗ ਕੀਤੀ। ਕ੍ਰਾਂਤੀਕਾਰੀ ਯੁਵਾ ਸੰਗਠਨ ਦੇ ਕਾਰਕੁਨਾਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਬਿਨਾਂ ਕਿਸੇ ਜਾਇਜ਼ ਕਾਰਨ ਦੇ ਫਲਸਤੀਨੀ ਲੋਕਾਂ ਦੇ ਸਮਰਥਨ ’ਚ ਸ਼ਾਂਤੀਪੂਰਵਕ ਇਕੱਠੇ ਹੋਏ ਵਿਦਿਆਰਥੀਆਂ ਅਤੇ ਕਾਰਕੁਨਾਂ ਨੂੰ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ’ਚ ਲਿਆ, ਵਿਦਿਆਰਥਣਾਂ ’ਤੇ ਹਮਲਾ ਕੀਤਾ ਗਿਆ ਤੇ ਜ਼ਬਰਦਸਤੀ ਬੱਸਾਂ ’ਚ ਭਰ ਲਿਆ ਗਿਆ। ਕੇਵਾਈਐੱਸ ਨੇ ਗਾਜ਼ਾ ਵਿੱਚ ਜ਼ਿਆਨੀ ਇਜ਼ਰਾਈਲੀ ਸਰਕਾਰ ਦੇ ਚੱਲ ਰਹੇ ਅੱਤਿਆਚਾਰਾਂ ਵਿਰੁੱਧ ਇੱਕ ਸ਼ਾਂਤਮਈ ਇਕੱਠ ਉੱਤੇ ਦਿੱਲੀ ਪੁਲੀਸ ਵੱਲੋਂ ਜਬਰ ਦੀ ਨਿਖੇਧੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਫਲਸਤੀਨ ਵਿੱਚ 40,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 14,000 ਤੋਂ ਵੱਧ ਬੱਚੇ ਵੀ ਸ਼ਾਮਲ ਹਨ, ਪਰ ਗਾਜ਼ਾ ਤੋਂ ਰਫਾਹ ਤੱਕ ਇਜ਼ਰਾਈਲੀ ਸਰਕਾਰ ਦੇ ਵਹਿਸ਼ੀ ਹਮਲੇ ਬੇਰੋਕ ਜਾਰੀ ਹਨ। ਇਕ ਰਿਪੋਰਟ ਮੁਤਾਬਕ ਜੇਕਰ ਬਿਮਾਰੀਆਂ ਤੇ ਭੁੱਖਮਰੀ ਵਰਗੇ ਅਸਿੱਧੇ ਕਾਰਨਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ 1,86,000 ਤੋਂ ਜ਼ਿਆਦਾ ਹੈ। ਜੇਕਰ ਇਜ਼ਰਾਈਲੀ ਸਰਕਾਰ ਦੁਆਰਾ ਕੀਤੀ ਗਈ ਹਿੰਸਾ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਇਹ ਭਾਈਚਾਰਿਆਂ ਵਿਚਕਾਰ ਨਫ਼ਰਤ ਨੂੰ ਹੋਰ ਵਧਾਏਗਾ ਤੇ ਹਿੰਸਾ ਨੂੰ ਵਧਾਏਗਾ। ਗੰਭੀਰ ਮਾਨਵਤਾਵਾਦੀ ਸੰਕਟ ਦੇ ਇਸ ਸਮੇਂ, ਅੰਤਰਰਾਸ਼ਟਰੀ ਭਾਈਚਾਰੇ ਨੂੰ ਦਖਲ ਦੇਣਾ ਚਾਹੀਦਾ ਹੈ ਅਤੇ ਗਾਜ਼ਾ ’ਤੇ ਇਜ਼ਰਾਈਲ ਦੇ ਚੱਲ ਰਹੇ ਹਮਲੇ ਨੂੰ ਖਤਮ ਕਰਨ ਲਈ ਉਨ੍ਹਾਂ ਦੀਆਂ ਸਰਕਾਰਾਂ ’ਤੇ ਦਬਾਅ ਪਾਉਣਾ ਚਾਹੀਦਾ ਹੈ।