ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਰੋਸ ਧਰਨਾ
ਡੀਪੀਐੱਸ ਬੱਤਰਾ
ਸਮਰਾਲਾ, 31 ਜੁਲਾਈ
ਰਾਜ ਮਿਸਤਰੀ ਮਜ਼ਦੂਰ ਯੂਨੀਅਨ ਸਮਰਾਲਾ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਪ੍ਰਧਾਨ ਕਾਮਰੇਡ ਭਜਨ ਸਿੰਘ ਅਤੇ ਰਿਟਾ: ਲੈਕਚਰਾਰ ਬਿਹਾਰੀ ਲਾਲ ਸੱਦੀ ਦੀ ਅਗਵਾਈ ਹੇਠ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਤੋਂ ਪਹਿਲਾਂ ਸਮੂਹ ਮਜ਼ਦੂਰਾਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਊਧਮ ਸਿੰਘ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਲੱਕ ਤੋੜਵੀਂ ਮਹਿੰਗਾਈ ਕਾਕਨ ਸਬਜ਼ੀਆਂ ਦੇ ਭਾਅ ਅਸਮਾਨੀ ਛੂਹ ਰਹੇ ਹਨ, ਜਿਨ੍ਹਾਂ ਵਿੱਚ ਆਲੂ 40 ਰੁਪਏ, ਪਿਆਜ਼ 50 ਰੁਪਏ ਲਸਣ 250 ਰੁਪਏ ਹੋ ਜਾਣ ਨਾਲ ਗਰੀਬਾਂ ਦੇ ਚੁੱਲੇ ਠੰਢੇ ਹੋ ਗਏ ਹਨ। ਗਰੀਬ ਮਜ਼ਦੂਰ ਨੂੰ ਇੱਕ ਡੰਗ ਦੀ ਰੋਟੀ ਮਿਲਣੀ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਕਾਂਗਰਸ ਦੇ ਰਾਜ ਮੌਕੇ ਗਰੀਬਾਂ ਨੂੰ ਰਾਸ਼ਨ, ਚਾਹ ਪੱਤੀ, ਚੀਨੀ, ਦਾਲਾਂ, ਸਾਬਣ, ਆਟਾ ਦਿੱਤੇ ਜਾਂਦੇ ਸਨ, ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਗਰੀਬਾਂ ਨੂੰ ਵੀ ਇਸੇ ਤਰ੍ਹਾਂ ਰਾਸ਼ਨ ਦਿੱਤਾ ਜਾਵੇ ਤਾਂ ਜੋ ਗਰੀਬਾਂ ਦੇ ਘਰਾਂ ਦੇ ਚੁੱਲੇ ਬਲ ਸਕਣ। ਇਸ ਮੌਕੇ ਬਿਹਾਰੀ ਲਾਲ ਸੱਦੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਮੁੜ ਕੰਗਾਲੀ ਦੀ ਕਗਾਰ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਇਹ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦੇ ਪੱਖ ਦੀ ਗੱਲ ਕਰਦੀ ਹੈ, ਦੇਸ਼ ਦੀ ਗਰੀਬ ਜਨਤਾ ਦੀ ਕੋਈ ਸੁਣਵਾਈ ਨਹੀਂ।
ਇਸ ਮੌਕੇ ਸੱਜਣ ਸਿੰਘ ਢੀਂਡਸਾ, ਬੁੱਧ ਰਾਮ ਸਮਰਾਲਾ, ਗੁਰਮੀਤ ਸਿੰਘ ਉਟਾਲਾਂ, ਹਰਜਿੰਦਰ ਸਿੰਘ ਬੌਂਦਲ, ਮੇਹਰ ਸਿੰਘ ਦੀਵਾਲਾ, ਸੁਰਜੀਤ ਸਿੰਘ ਭਰਥਲਾ, ਜਸਵੀਰ ਸਿੰਘ ਬੌਂਦਲੀ, ਦਲਵੀਰ ਸਿੰਘ ਜਟਾਣਾ ਨੀਵਾਂ, ਸ਼ੰਕਰ ਰਾਮ, ਬਿਕਰਮ ਸਿੰਘ, ਮੱਘਰ ਸਿੰਘ ਦੁੱਗਲ ਸ਼ਾਮਗੜ੍ਹ, ਬਲਜਿੰਦਰ ਸਿੰਘ ਮੱਲ ਮਾਜਰਾ, ਜੀਵਨ ਸਿੰਘ ਖਜਾਨਚੀ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ ਲੋਪੋਂ, ਕਰਮਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।