ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ
ਤਰਨ ਤਾਰਨ, 24 ਮਈ
ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਅੱਜ ਸਥਾਨਕ ਗਾਂਧੀ ਮਿਉਸਪਲ ਪਾਰਕ ਵਿਚ ਮੁਲਾਜ਼ਮ ਆਗੂ ਬਲਜਿੰਦਰ ਸਿੰਘ ਦੋਬਲੀਆਂ ਦੀ ਪ੍ਰਧਾਨਗੀ ਹੇਠ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਰੈਲੀ ਨੂੰ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਆਗੂ ਧਰਮ ਸਿੰਘ ਪੱਟੀ, ਦਵਿੰਦਰ ਸਿੰਘ, ਬਲਜਿੰਦਰ ਕੌਰ, ਸਤਨਾਮ ਸਿੰਘ, ਲਖਵੰਤ ਸਿੰਘ ਦਿਉਲ, ਗੁਰਪ੍ਰੀਤ ਸਿੰਘ ਗੰਡੀਵਿੰਡ ਸੰਬੋਧਨ ਕੀਤਾ| ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਅਗਨੀਵੀਰ ਸਕੀਮ ਨੂੰ ਬੰਦ ਕਰਨ ਸਮੇਤ ਮਹਿੰਗਾਈ ਵਰਗੇ ਲੋਕਾਂ ਦੇ ਮਸਲਿਆਂ ਨੂੰ ਤਿਲਾਂਜਲੀ ਦੇ ਕੇ ਫਾਸ਼ੀਵਾਦ ਦੇ ਨਾਅਰੇ ਲਾ ਕੇ ਸਮਾਜ ਵਿੱਚ ਵੰਡੀਆਂ ਪਾਉਣ ਦੀ ਨੀਤੀ ਤੇ ਚੱਲ ਰਹੀ ਹੈ| ਆਗੂਆਂ ਕਿਹਾ ਕਿ ਇਸੇ ਤਰ੍ਹਾਂ ਬਦਲਾਅ ਦੇ ਝੂਠੇ ਨਾਅਰੇ ਲਾ ਕੇ ਪੰਜਾਬ ਦਾ ਰਾਜ ਭਾਗ ਸੰਭਾਲੀ ਬੈਠੀ ‘ਆਪ’ ਸਰਕਾਰ ਵੀ ਕੇਂਦਰ ਸਰਕਾਰ ਦੀ ਤਰਜ਼ ’ਤੇ ਮੁਲਾਜ਼ਮ-ਮਜਦੂਰ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ| ਆਗੂਆਂ ਕਿਹਾ ਕਿ ਚੋਣਾਂ ਵਿੱਚ ਮੁਲਾਜ਼ਮ ਤੇ ਪੈਨਸ਼ਨਰ ‘ਭਾਜਪਾ ਹਰਾਓ ਦੇਸ਼ ਬਚਾਓ, ਭਗਵੰਤ ਮਾਨ ਨੂੰ ਸਬਕ ਸਿਖਾਓ’ ਦੇ ਨਾਅਰੇ ਹੇਠ ਵੋਟ ਦੀ ਤਾਕਤ ਦਾ ਇਸਤੇਮਾਲ ਕਰਨਗੇ|