ਮੂੰਗੀ ਦੀ ਫ਼ਸਲ ਦੀ ਵਿਕਰੀ ਨਾ ਕਰਵਾਉਣ ’ਤੇ ਰੋਸ
ਪੱਤਰ ਪ੍ਰੇਰਕ
ਲਹਿਰਾਗਾਗਾ, 26 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸੌਰ ਦੀ ਅਗਵਾਈ ਹੇਠ ਬਲਾਕ ਦੀ ਮਹੀਨਾਵਾਰ ਮੀਟਿੰਗ ਲਹਿਰਾ ਇਕਾਈ ਦਫ਼ਤਰ ਵਿੱਚ ਹੋਈ। ਇਸ ‘ਚ ਖੇਤੀ ਸੈਕਟਰ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਨਿਪਟਾਰੇ ਸਬੰਧੀ ਵਿਚਾਰਾਂ ਤੋਂ ਇਲਾਵਾ ਪਿੰਡ ਇਕਾਈਆਂ ਨਾਲ ਜਥੇਬੰਦਕ ਫੰਡਾਂ ਦਾ ਹਿਸਾਬ ਕਿਤਾਬ ਕੀਤਾ ਗਿਆ। ਬਲਾਕ ਦੇ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਪਿੰਡ ਇਕਾਈਆਂ ਦੇ ਪ੍ਰਧਾਨਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੂੰਗੀ ਦੀ ਫ਼ਸਲ ਦੀ ਵਿਕਰੀ ਲਹਿਰਾਗਾਗਾ ਮੰਡੀ ਵਿੱਚ ਨਾ ਕਰਵਾਉਣ ਅਤੇ ਇਥੋਂ ਲੈ ਜਾ ਕੇ ਕਿਸਾਨਾਂ ਨੂੰ ਸੁਨਾਮ ਮੰਡੀ ਵਿੱਚ ਵੇਚਣ ਲਈ ਮਜਬੂਰ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਸਰਕਾਰ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਮੂੰਗੀ ਦੀ ਫ਼ਸਲ ਦੀ ਵਿਕਰੀ ਲਹਿਰਾਗਾਗਾ ਦੀ ਮੰਡੀ ਵਿੱਚ ਹੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਤਾਂ ਕਿਸਾਨਾਂ ਤੋਂ ਮੂੰਗੀ ਦੀ ਬਿਜਾਈ ਕਰਵਾ ਲਈ ਗਈ ਜਦੋਂ ਕਿਸਾਨ ਉਸ ਫ਼ਸਲ ਨੂੰ ਮੰਡੀ ਵਿੱਚ ਲਿਆਉਂਦੇ ਹਨ ਤਾਂ ਖੱਜਲਖੁਆਰ ਹੋਣਾ ਪੈਂਦਾ ਹੈ, ਉੱਤੋਂ ਐੱਮਐੱਸਪੀ ‘ਤੇ ਫ਼ਸਲ ਨਹੀਂ ਖ਼ਰੀਦੀ ਜਾਂਦੀ।