ਡਾਕਟਰ ਵੱਲੋਂ ਮਹਿਲਾ ਨਰਸਿੰਗ ਸਟਾਫ ਨਾਲ ਦੁਰਵਿਹਾਰ ਕਰਨ ’ਤੇ ਧਰਨਾ
ਐਨਪੀ ਧਵਨ
ਪਠਾਨਕੋਟ, 7 ਅਕਤੂਬਰ
ਇੱਥੇ ਸਿਵਲ ਹਸਪਤਾਲ ਵਿੱਚ ਡਾਕਟਰ ਵੱਲੋਂ ਮਹਿਲਾ ਨਰਸਿੰਗ ਸਟਾਫ ਨਾਲ ਕਥਿਤ ਝਗੜਾ ਕਰਨ ਅਤੇ ਥੱਪੜ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਰੋਸ ਵਜੋਂ ਹਸਪਤਾਲ ਦੇ ਸਮੁੱਚੇ ਨਰਸਿੰਗ ਸਟਾਫ਼ ਨੇ ਇੱਕ ਘੰਟਾ ਹੜਤਾਲ ਕਰ ਕੇ ਧਰਨਾ ਦਿੱਤਾ ਤੇ ਡਾਕਟਰ ਖ਼ਿਲਾਫ਼ ਕਾਰਵਾਈ ਮੰਗੀ।
ਨਰਸਿੰਗ ਸਟਾਫ਼ ’ਚ ਤਾਇਨਾਤ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੇ ਅਲਟਰਾਸਾਊਂਡ ਰੂਮ ਵਿੱਚ ਤਾਇਨਾਤ ਆਊਟਸੋਰਸ ਮਹਿਲਾ ਮੁਲਾਜ਼ਮ ਨੂੰ ਫ਼ੋਨ ਰਾਹੀਂ ਐਕਸਰੇਅ ਵਿਭਾਗ ’ਚ ਸਫ਼ਾਈ ਲਈ ਆਖਿਆ। ਇਸ ਲਈ ਮਹਿਲਾ ਕਰਮਚਾਰੀ ਨੇ ਅਲਟਰਾਸਾਊਂਡ ਸੈਂਟਰ ’ਚ ਤਾਇਨਾਤ ਡਾਕਟਰ ਨੂੰ ਫੋਨ ਸੌਂਪ ਦਿੱਤਾ। ਸੁਦੇਸ਼ ਕੁਮਾਰੀ ਨੇ ਦੋਸ਼ ਲਾਇਆ ਕਿ ਡਾਕਟਰ ਨੇ ਉਸ ਨਾਲ ਕਥਿਤ ਦੁਰਵਿਹਾਰ ਕੀਤਾ ਅਤੇ ਥੱਪੜ ਮਾਰਨ ਦੀ ਗੱਲ ਕੀਤੀ ਜਿਸ ਕਾਰਨ ਉਸ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਇੰਚਾਰਜ ਮੈਟਰਨ ਕਰਮਜੀਤ ਨੇ ਦੱਸਿਆ ਕਿ ਜਦੋਂ ਉਹ ਡਾਕਟਰ ਵੱਲੋਂ ਮਹਿਲਾ ਨਰਸਿੰਗ ਸਟਾਫ ਨਾਲ ਦੁਰਵਿਹਾਰ ਕਰਨ ਦੀ ਸ਼ਿਕਾਇਤ ਲੈ ਕੇ ਐੱਸਐੱਮਓ ਡਾ. ਸੁਨੀਲ ਚੰਦ ਕੋਲ ਪਹੁੰਚੀ ਤਾਂ ਉੱਥੇ ਵੀ ਐੱਸਐੱਮਓ ਦੇ ਸਾਹਮਣੇ ਹੀ ਡਾਕਟਰ ਨੇ ਉਸ ਨਾਲ ਕਥਿਤ ਬਦਸਲੂਕੀ ਕੀਤੀ। ਕਰਮਜੀਤ ਨੇ ਦੱਸਿਆ ਕਿ ਡਾਕਟਰ ਨੇ ਪਹਿਲਾਂ ਵੀ ਇਲਾਜ ਲਈ ਆਈ ਔਰਤ ਨੂੰ ਕਥਿਤ ਥੱਪੜ ਮਾਰਿਆ ਸੀ ਅਤੇ ਮਹਿਲਾ ਸਟਾਫ ਨਾਲ ਕਈ ਵਾਰ ਝਗੜਾ ਵੀ ਕੀਤਾ। ਉਸ ਨੇ ਐੱਸਐੱਮਓ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਮਹਿਲਾ ਨਰਸਿੰਗ ਸਟਾਫ਼ ਨੂੰ ਕਥਿਤ ਕੁੱਟਮਾਰ ਦੀ ਧਮਕੀ ਦੇਣ ਵਾਲੇ ਡਾਕਟਰ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਨਸਾਫ਼ ਲੈਣ ਲਈ ਮੁੜ ਧਰਨੇ ’ਤੇ ਬੈਠਣਗੀਆਂ।
ਡਾਕਟਰ ਨੂੰ ਜਵਾਬ ਦੇਣ ਲਈ ਕਿਹਾ: ਐੱਸਐੱਮਓ
ਐੱਸਐੱਮਓ ਡਾ. ਸੁਨੀਲ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿਲਾ ਨਰਸਿੰਗ ਸਟਾਫ਼ ਸੁਦੇਸ਼ ਕੁਮਾਰੀ ਵੱਲੋਂ ਹਸਪਤਾਲ ਦੇ ਡਾਕਟਰ ਵੱਲੋਂ ਕਥਿਤ ਦੁਰਵਿਹਾਰ ਕਰਨ ਸਬੰਧੀ ਲਿਖਤੀ ਸ਼ਿਕਾਇਤ ਮਿਲੀ ਹੈ। ਇਸ ਦੇ ਨਾਲ ਹੀ ਡਾਕਟਰ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਜੇ ਇੱਕ ਦਿਨ ਦੇ ਅੰਦਰ-ਅੰਦਰ ਡਾਕਟਰ ਵੱਲੋਂ ਕੋਈ ਠੋਸ ਜਵਾਬ ਨਾ ਦਿੱਤਾ ਗਿਆ ਤਾਂ ਇਸ ’ਤੇ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਜਾਵੇਗੀ।