ਵਿਦਿਆਰਥੀ ਦਾ ਕਾਲਜ ’ਚ ਦਾਖ਼ਲਾ ਨਾ ਹੋਣ ’ਤੇ ਮੁਜ਼ਾਹਰਾ
ਮਨੋਜ ਸ਼ਰਮਾ
ਬਠਿੰਡਾ, 25 ਅਗਸਤ
ਅੱਜ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਜਯੋਤਸਨਾ ਸਿੰਗਲਾ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦਾ ਦਾਖ਼ਲਾ ਰੋਕਣ ਦੇ ਵਿਰੋਧ ਵਿੱਚ ਵਿਦਿਆਰਥੀ ਜਥੇਬੰਦੀ ਨੇ ਕਾਲਜ ਦੇ ਗੇਟ ਅੱਗੇ ਪ੍ਰਿੰਸੀਪਲ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਪੀਐੱਸਯੂ ਦੇ ਵਿਦਿਆਰਥੀ ਆਗੂ ਮਨਦੀਪ ਕੌਰ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ, ਜੋ ਕਿ ਦਲਿਤ ਵਰਗ ਨਾਲ ਸਬੰਧਤ ਹੈ, ਨੂੰ ਬਿਨਾਂ ਕਿਸੇ ਕਾਰਨ ਦੇ ਕਾਲਜ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਜਦ ਕਿ ਉਸ ਵਿਦਿਆਰਥੀ ਆਗੂ ਦਾ ਮੈਰਿਟ ਸੂਚੀ ਵਿੱਚ ਨਾਮ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 14 ਅਪਰੈਲ ਨੂੰ ਕਾਲਜ ਦੇ ਆਡੀਟੋਰੀਅਮ ਵਿੱਚ ਅੰਬੇਦਕਰ ਜੈਯੰਤੀ ਮਨਾਉਣ ਲਈ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਤੋਂ ਪ੍ਰਵਾਨਗੀ ਮੰਗੀ ਸੀ ਪਰ ਉਨ੍ਹਾਂ ਨੇ ਪ੍ਰੋਗਰਾਮ ਦੀ ਆਗਿਆ ਨਹੀਂ ਦਿੱਤੀ ਜਦਕਿ ਉਸੇ ਦਿਨ ਇੱਕ ਨਿੱਜੀ ਯੂਨੀਵਰਸਿਟੀ ਦਾ ਪ੍ਰੋਗਰਾਮ ਪ੍ਰਿੰਸੀਪਲ ਵੱਲੋਂ ਖੁਦ ਕਰਵਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਐਲਾਨ ਕਰਕੇ ਧੱਕੇ ਨਾਲ ਅੰਬੇਡਕਰ ਜੈਅੰਤੀ ਮਨਾਈ ਸੀ। ਓਦੋਂ ਰਾਜਿੰਦਰ ਸਿੰਘ ਨੇ ਹੀ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਿੰਸੀਪਲ ਵੱਲੋਂ ਇਸੇ ਰੰਜਿਸ਼ ਤਹਿਤ ਹੀ ਵਿਦਿਆਰਥੀ ਆਗੂ ਦਾ ਦਾਖ਼ਲਾ ਰੋਕਿਆ ਜਾ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਦਿਆਰਥੀ ਆਗੂ ਨੂੰ ਦਾਖ਼ਲਾ ਨਾ ਦਿੱਤਾ ਗਿਆ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸ ਦੇ ਖਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਸੋਨੀ ਬੰਗੀ, ਲਖਵੀਰ ਬਾਜਾਖਾਨਾ, ਸੰਕੇਤ ਸਿੰਘ, ਹਰਸਿਮਰਨ ਮਾਨ , ਅਨਮੋਲ ਸਿੰਘ ਅਰਮਾਨ ਸਿੰਘ ਆਦਿ ਵਿਦਿਆਰਥੀ ਸ਼ਾਮਲ ਸਨ।
ਕੋਈ ਵੀ ਵਿਦਿਆਰਥੀ ਇੱਕ ਐੱਮਏ ਹੀ ਰੈਗੂਲਰ ਕਰ ਸਕਦਾ ਹੈ: ਪ੍ਰਿੰਸੀਪਲ
ਕਾਲਜ ਪ੍ਰਿੰਸੀਪਲ ਜਯੋਤਸਨਾ ਸਿੰਗਲਾ ਨੇ ਕਿਹਾ ਕਿ ਉਕਤ ਵਿਦਿਆਰਥੀ ਰਾਜਿੰਦਰ ਸਿੰਘ ਉਨ੍ਹਾਂ ਦੇ ਕਾਲਜ ਵਿੱਚੋਂ ਸਾਲ 2022 ਵਿੱਚ ਰੈਗੂਲਰ ਐੱਮਏ ਪੋਲਿਟੀਕਲ ਸਾਇੰਸ ਪਾਸ ਕਰ ਚੁੱਕਿਆ ਹੈ। ਇਸ ਵਾਰ ਫਿਰ ਉਸ ਨੇ ਕਾਲਜ ਵਿੱਚ ਦਾਖਲਾ ਲੈਣ ਲਈ ਯੂਨੀਵਰਸਿਟੀ ਦੇ ਪੋਰਟਲ ਤੇ ਐੱਮਏ ਲਈ ਅਪਲਾਈ ਕੀਤਾ ਹੈ, ਜਦੋਂ ਕਿ ਯੂਨੀਵਰਸਿਟੀ ਨੇ ਸਾਫ਼ ਹਦਾਇਤ ਕੀਤਾ ਹੈ ਕਿ ਕੋਈ ਵਿਦਿਆਰਥੀ ਇੱਕ ਐੱਮਏ ਰੈਗੂਲਰ ਕਰਨ ਤੋਂ ਬਾਅਦ ਦੂਜੀ ਐੱਮਏ ਰੈਗੂਲਰ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ।