ਮੋਰਿੰਡਾ-ਸ੍ਰੀ ਚਮਕੌਰ ਸਾਹਬਿ ਮਾਰਗ ’ਤੇ ਧਰਨਾ
ਸੰਜੀਵ ਤੇਜਪਾਲ
ਮੋਰਿੰਡਾ 13 ਜੁਲਾਈ
ਪਿੰਡ ਚੱਕਲਾਂ, ਬੜੀ ਰੌਣੀ, ਛੋਟੀ ਰੌਣੀ ਅਤੇ ਪਿੰਡ ਊਧਮਪੁਰ ਨਲਾ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰੋਹ ਵਿਚ ਆਏ ਲੋਕਾਂ ਨੇ ਮੋਰਿੰਡਾ- ਸ੍ਰੀ ਚਮਕੌਰ ਸਾਹਬਿ ਸੜਕ ’ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸ਼ਮੂਲੀਅਤ ਕੀਤੀ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨਲਾ ਨੇ ਦੱਸਿਆ ਕਿ ਬਰਸਾਤੀ ਪਾਣੀ ਕਾਰਨ ਘਰੇਲੂ ਸਾਮਾਨ ਸਮੇਤ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਕਰਵਾਉਣ ਲਈ ਲੋਕ ਐੱਸਡੀਐੱਮ ਮੋਰਿੰਡਾ ਦੀਪਾਂਕਰ ਗਰਗ ਅਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਅਪੀਲ ਕਰ ਚੁੱਕੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋੲਿਆ। ਧਰਨੇ ਵਿੱਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦਾ ਕੰਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੁੰਦਾ ਹੈ ਨਾ ਕਿ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਲੋਕਾਂ ਨੂੰ ਖੱਜਲ-ਖੁਆਰ ਕਰਨਾ। ਚਾਰ ਘੰਟਿਆਂ ਤੱਕ ਜਾਰੀ ਧਰਨੇ ਮਗਰੋ ਬਲਾਕ ਵਿਕਾਸ ਪੰਚਾਇਤ ਅਫ਼ਸਰ ਮੋਰਿੰਡਾ, ਡੀਐੱਸਪੀ ਮੋਰਿੰਡਾ, ਥਾਣਾ ਮੁਖੀ ਮੋਰਿੰਡਾ, ਜੇਈ ਪੀਡਬਲਿਊਡੀ ਨੇ ਮੌਕੇ ’ਤੇ ਪਹੁੰਚ ਕੇ ਜੇਸੀਬੀ ਦੀ ਮਦਦ ਨਾਲ ਪਿੰਡ ਸਰਹਾਣਾ-ਬੱਲਾਂ ਲਿੰਕ ਸੜਕ ਨੂੰ ਤੋੜ ਕੇ ਬਰਸਾਤੀ ਪਾਣੀ ਕੱਢਿਆ, ਜਿਸ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕਿਆ।
ਬਿਜਲੀ ਪਾਣੀ ਦੀ ਮੰਗ ਲਈ ਕੁਰਾਲੀ-ਮੋਰਿੰਡਾ ਮਾਰਗ ਜਾਮ
ਕੁਰਾਲੀ (ਮਿਹਰ ਸਿੰਘ): ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਇੱਕ ਹਫ਼ਤੇ ਤੋਂ ਬਿਜਲੀ ਸਪਲਾਈ ਨਾ ਹੋਣ ਕਾਰਨ ਪ੍ਰੇਸ਼ਾਨ ਕਈ ਪਿੰਡਾਂ ਦੇ ਵਸਨੀਕਾਂ ਨੇ ਅੱਜ ਪਾਵਰਕੌਮ ਦੇ ਸਥਾਨਕ ਉਪ ਮੰਡਲ ਦਫ਼ਤਰ ਅੱਗੇ ਰੋਸ ਪ੍ਰਦਸ਼ਨ ਕੀਤਾ ਅਤੇ ਕੁਰਾਲੀ-ਮੋਰਿੰਡਾ ਰੋਡ ’ਤੇ ਚੱਕਾ ਜਾਮ ਕੀਤਾ। ਸੰਘਰਸ਼ ਕਰ ਰਹੇ ਲੋਕਾਂ ਨੇ ਬਿਜਲੀ ਸਪਲਾਈ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ। ਕੁਰਾਲੀ-ਮੋਰਿੰਡਾ ਰੋਡ ‘ਤੇ ਟਰੈਕਟਰ ਟਰਾਲੀਆਂ ਲਗਾ ਕੇ ਚੱਕਾ ਜਾਮ ਕਰਕੇ ਰੋਸ ਧਰਨਾ ਦੇ ਰਹੇ ਕਈ ਪਿੰਡਾਂ ਦੇ ਵਸਨੀਕਾਂ ਬਲਵਿੰਦਰ ਸਿੰਘ ਨਿਹੋਲਕਾ, ਮਨਜੀਤ ਸਿੰਘ ਦੁਸਾਰਨਾ,ਰਛਪਾਲ ਸਿੰਘ ਅਤੇ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਪਾਵਰਕੌਮ ਦੇ ਸਥਾਨਕ ਦਫ਼ਤਰ ਦੇ ਕਈ ਗੇੜੇ ਮਾਰ ਰਹੇ ਹਨ ਪਰ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਅੱਜ ਉਨ੍ਹਾਂ ਨੂੰ ਅੱਕੇ ਕੇ ਜਾਮ ਲਗਾਉਣਾ ਪਿਆ ਹੈ। ਜਾਮ ਦੀ ਸੂਚਨਾਂ ਮਿਲਦਿਆਂ ਹੀ ਸਥਾਨਕ ਥਾਣਾ ਸਿਟੀ ਦੇ ਐੱਸਐੱਚਓ ਗਗਨਦੀਪ ਸਿੰਘ ਅਤੇ ਪਾਵਰਕੌਮ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਤੇ ਐਕਸੀਅਨ ਮੌਕੇ ’ਤੇ ਪੁੱਜੇ। ਅਧਿਕਾਰੀਆਂ ਨੇ ਜਲਦੀ ਬਿਜਲੀ ਸਪਲਾਈ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਲੋਕਾਂ ਨੇ ਧਰਨਾ ਚੁੱਕਿਆ।
ਰਾਮਨਗਰ-ਜਲਾਲਪੁਰ ਮਾਰਗ ’ਤੇ ਟਰੈਕਟਰ-ਟਰਾਲੀਆਂ ਲਗਾ ਕੇ ਰਾਹ ਰੋਕਿਆ
ਬਨੂੜ (ਕਰਮਜੀਤ ਸਿੰਘ ਚਿੱਲਾ): ਪਿੰਡ ਰਾਮਪੁਰ ਖੁਰਦ, ਬਲਮਾਜਰਾ ਅਤੇ ਬੂਟਾ ਸਿੰਘ ਵਾਲਾ ਦੇ ਵਾਸੀਆਂ ਨੇ ਖੇਤਾਂ ਵਿੱਚ ਭਰੇ ਪਾਣੀ ਦੀ ਨਿਕਾਸੀ ਦੀ ਮੰਗ ਲਈ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਰਾਮਨਗਰ-ਜਲਾਲਪੁਰ ਨੇੜੇ ਜਾਮ ਲਾਇਆ। ਦੋ ਵਜੇ ਤੋਂ ਲੈ ਕੇ ਪੌਣੇ ਤਿੰਨ ਕੁ ਵਜੇ ਤੱਕ ਪੌਣੇ ਘੰਟੇ ਦੇ ਕਰੀਬ ਟਰੈਕਟਰ-ਟਰਾਲੀਆਂ ਨਾਲ ਲਗਾਏ ਇਸ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਪਹੁੰਚੇ ਥਾਣਾ ਬਨੂੜ ਦੇ ਮੁਖੀ ਕਿਰਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਉਹ ਸ਼ੁੱਕਰਵਾਰ ਨੂੰ ਮੌਕੇ ਉੱਤੇ ਜਾ ਕੇ ਪਾਣੀ ਦੀ ਨਿਕਾਸੀ ਦਾ ਮਾਮਲਾ ਹੱਲ ਕਰਾਉਣਗੇ। ਇਸ ਮਗਰੋਂ ਲੋਕਾਂ ਨੇ ਧਰਨਾ ਚੁੱਕਿਆ। ਇਸੇ ਤਰ੍ਹਾਂ ਪਿੰਡ ਖਲੌਰ ਅਤੇ ਕਰਾਲਾ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਵੀ ਪਾਣੀ ਵਿੱਚ ਡੁੱਬੀ ਖੜ੍ਹੀ ਹੈ। ਦੋਵੇਂ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਵਿੱਚ ਕੱਟੀਆਂ ਹੋਈਆਂ ਕਲੋਨੀਆਂ ਕਾਰਨ ਸਮੱਸਿਆ ਆ ਰਹੀ ਹੈ।