ਝੋਨੇ ਦੀ ਖਰੀਦ ਨਾ ਹੋਣ ਕਾਰਨ ਮਾਨਸਾ-ਬਠਿੰਡਾ ਮਾਰਗ ’ਤੇ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਨਵੰਬਰ
ਇਥੇ ਝੋਨੇ ਦੀ ਖ਼ਰੀਦ ’ਚ ਆ ਰਹੀ ਦਿੱਕਤ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਪਿੰਡ ਠੂਠਿਆਂਵਾਲੀ ਵਿਚ ਮਾਨਸਾ-ਬਠਿੰਡਾ ਮੁੱਖ ਮਾਰਗ ’ਤੇ ਧਰਨਾ ਦਿੱਤਾ। ਲੰਬਾ ਸਮਾਂ ਇਸ ਚੱਕਾ ਜਾਮ ਦੇ ਚੱਲਦਿਆਂ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧਰਨੇ ਦੌਰਾਨ ਕਿਸਾਨਾਂ ਤੇ ਆਮ ਰਾਹਗੀਰਾਂ ਦੀ ਤਕਰਾਰਬਾਜ਼ੀ ਹੁੰਦੀ ਰਹੀ। ਧਰਨੇ ਵਾਲੀ ਥਾਂ ਤੋਂ ਇਕ ਕਿਲੋਮੀਟਰ ਤੋਂ ਘੱਟ ਦੂਰੀ ’ਤੇ ਮੌਜੂਦ ਪੁਲੀਸ ਚੌਕੀ ਦਾ ਕੋਈ ਵੀ ਮੁਲਾਜ਼ਮ ਧਰਨੇ ਵਾਲੀ ਜਗ੍ਹਾ ਉੱਤੇ ਨਹੀਂ ਪਹੁੰਚਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਝੋਨੇ ਦੀ ਖ਼ਰੀਦ ਨਾ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਕਈ-ਕਈ ਦਿਨਾਂ ਤੋਂ ਮੰਡੀਆਂ ’ਚ ਬੈਠੇ ਆਪਣਾ ਝੋਨਾ ਵਿਕਣ ਦਾ ਇੰਤਜ਼ਾਰ ਕਰ ਰਹੇ ਹਨ, ਪਰ ਅਧਿਕਾਰੀਆਂ ਵੱਲੋਂ ਝੋਨੇ ’ਚ ਨਮੀ ਦੀ ਗੱਲ ਕਹਿ ਕੇ ਝੋਨਾ ਖਰੀਦਿਆ ਨਹੀਂ ਜਾ ਰਿਹਾ, ਜਿਸ ਕਾਰਨ ਮਜਬੂਰ ਹੋ ਕੇ ਅੱਜ ਧਰਨਾ ਲਗਾਉਣਾ ਪਿਆ ਹੈ। ਜਥੇਬੰਦੀ ਦੇ ਆਗੂ ਦੀਦਾਰ ਸਿੰਘ ਖਾਰਾ, ਪਿੰਡ ਇਕਾਈ ਠੂਠਿਆਂਵਾਲੀ ਦੇ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ ਖਰੀਦ ਅਧਿਕਾਰੀ ਨਮੀ ਵਧਣ ਦੀ ਗੱਲ ਕਹਿ ਕੇ ਝੋਨਾ ਦੀ ਢੇਰੀ ਦੀ ਬੋਲੀ ਨਹੀਂ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਅਗੇਤਾ ਝੋਨਾ ਲਗਾਉਣ ਦੀ ਗੱਲ ਕਰਦੇ ਹਨ ਤਾਂ ਸਰਕਾਰ ਪਾਣੀ ਮੁਕਾਉਣ ਦੀ ਗੱਲ ਕਹਿ ਦਿੰਦੀ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਹ ਪਛੇਤਾ ਝੋਨਾ ਲਗਵਾਉਂਦੇ ਹਨ, ਉੱਥੇ ਅਨਾਜ ਮੰਡੀ ਵਿੱਚ ਸ਼ੈਲਰ ਮਾਲਕ ਝੋਨੇ ਦੀ ਖਰੀਦ ਕਰਦੇ ਹਨ ਅਤੇ ਇੰਸਪੈਕਟਰ ਕਾਫ਼ੀ ਦਿਨਾਂ ਤੋਂ ਅਨਾਜ ਮੰਡੀ ਵਿੱਚ ਨਹੀਂ ਆ ਰਿਹਾ ਹੈ, ਜਿਸ ਕਰਕੇ ਸੜਕੀ ਆਵਾਜਾਈ ਠੱਪ ਕਰਨੀ ਪਈ ਹੈ।
ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ’ਚ ਰੋਸ
ਤਪਾ ਮੰਡੀ (ਪੱਤਰ ਪ੍ਰੇਰਕ): ਬਾਹਰਲੀ ਅਨਾਜ ਮੰਡੀ ’ਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਸੂਬਾ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਨੇ ਦੱਸਿਆ ਕਿ ਸਬੰਧਤ ਖ਼ਰੀਦ ਏਜੰਸੀਆਂ ਵੱਲੋਂ ਨਵੀਂ ਦਾਣਾ ਮੰਡੀ ਅਤੇ ਪਿੰਡ ਘੁੰਨਸ ਦੇ ਖ਼ਰੀਦ ਕੇਂਦਰ ’ਚ ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਖਰੀਦ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਲਿਫਟਿੰਗ ਬਗੈਰ ਮੰਡੀਆਂ ’ਚ ਲੇਬਰ ਵੀ ਵਿਹਲੀ ਬੈਠੀ ਹੈ, ਜਿਨ੍ਹਾਂ ਨੂੰ ਆੜ੍ਹਤੀਆਂ ਵੱਲੋਂ ਬਿਨਾਂ ਕੰਮ ਦੇ ਭੁਗਤਾਨ ਕਰਨਾ ਪੈ ਰਿਹਾ ਹੈ। ਜੇ ਸਬੰਧਤ ਖਰੀਦ ਏਜੰਸੀਆਂ ਨੇ ਜਲਦ ਲਿਫਟਿੰਗ ਨਾ ਕਰਵਾਈ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ। ਜਦ ਇਹ ਮਾਮਲਾ ਡੀਸੀ ਪੂਨਮਦੀਪ ਕੌਰ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪਤਾ ਕਰਵਾ ਕੇ ਮੰਡੀਆਂ ’ਚ ਪਏ ਮਾਲ ਦਾ ਜਲਦੀ ਹੀ ਨਿਪਟਾਰਾ ਕਰਵਾ ਦੇਣਗੇ।