ਸਕੂਲ ਅੱਗੇ ਖੜ੍ਹੇ ਪਾਣੀ ਦੀ ਨਿਕਾਸੀ ਲਈ ਪੁੱਜੇ ਬੀਡੀਪੀਓ ਦਾ ਵਿਰੋਧ
ਬੀਰਬਲ ਰਿਸ਼ੀ
ਸ਼ੇਰਪੁਰ, 15 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਦੇ ਮੂਹਰੇ ਤੋਂ ਲੰਘਦੀ ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਖੜ੍ਹੇ ਪਾਣੀ ਦੇ ਗੰਭੀਰ ਮਸਲੇ ਦੇ ਹੱਲ ਲਈ ਨਵੀਂ ਤਜ਼ਵੀਜ ਲੈ ਕੇ ਪੁੱਜੇ ਬੀਡੀਪੀਓ ਦਾ ਮਜ਼ਦੂਰਾਂ ਦੀ ਇੱਕ ਹੋਰ ਧਿਰ ਨੇ ਵਿਰੋਧ ਕਰਦਿਆਂ ਜੇਸੀਬੀ ਨੂੰ ਵਾਪਸ ਭੇਜ ਜਾਣ ਲਈ ਮਜਬੂਰ ਕਰ ਦਿੱਤਾ। ਜਾਣਕਾਰੀ ਅਨੁਸਾਰ ਅੱਜ ਸ਼ੇਰਪੁਰ ਦਫ਼ਤਰ ਦਾ ਵਾਧੂ ਚਾਰਜ ਦੇਖ ਰਹੇ ਬੀਡੀਪੀਓ ਧੂਰੀ ਸਵੇਰ ਸਮੇਂ ਆਪਣੀ ਟੀਮ ਸਮੇਤ ਪੁੱਜੇ ਅਤੇ ਕਾਲਾਬੂਲਾ ਸੜਕ ’ਤੇ ਬਣੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਕਲਾਂ ਤੇ ਮਜ਼ਦੂਰ ਪਰਿਵਾਰਾਂ ਦੇ ਘਰਾਂ ਦਰਮਿਆਨ ਪਈ ਇੱਕ ਖਾਲੀ ਜਗ੍ਹਾ ਵਿੱਚ ਜੇਸੀਬੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਦਾ ਪਤਾ ਲੱਗਦਿਆਂ ਹੀ ਮਜ਼ਦੂਰ ਪਰਿਵਾਰਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਜੇਕਰ ਸਕੂਲ ਅੱਗੇ ਖਾਈ ਪੁੱਟੀ ਜਾਵੇਗੀ ਤਾਂ ਪ੍ਰੀ-ਪ੍ਰਾਇਮਰੀ ਤੋਂ ਪੰਜਵੀ ਤੱਕ ਦੇ ਬੱਚਿਆਂ ਨੂੰ ਸਕੂਲ ਜਾਣ-ਆਉਣ ’ਚ ਸਮੱਸਿਆ ਆਵੇਗੀ। ਮਜ਼ਦੂਰ ਔਰਤਾਂ ਨੇ ਬੀਡੀਪੀਓ ਤੇ ਉਸ ਦੇ ਅਮਲੇ ਨੂੰ ਸਵਾਲ ਕੀਤੇ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਟੋਭੇ ਵਿੱਚ ਪੈਣ ਵਾਲੇ ਪਾਣੀ ਦਾ ਰੁਖ ਮਜ਼ਦੂਰਾਂ ਦੇ ਘਰਾਂ ਵੱਲ ਕੀਤਾ ਹੈ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰਦੇ ਅਤੇ ਜੇਕਰ ਕਿਸੇ ਨੇ ਬੰਨ੍ਹ ਮਾਰਿਆ ਹੈ ਉਸ ਦੇ ਨਾਲ ਗੱਲ ਕਰਨ। ਦੂਜੇ ਪਾਸੇ ਬੀਡੀਪੀਓ ਨਾਲ ਸੰਪਰਕ ਨਹੀਂ ਹੋ ਸਕਿਆ ਜਦੋਂ ਕਿ ਪੰਚਾਇਤ ਵਿਭਾਗ ਵੱਲੋਂ ਪਿੰਡ ਘਨੌਰੀ ਕਲਾਂ ਦੇ ਲਗਾਏ ਪ੍ਰਬੰਧਕ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਸੜਕ ’ਤੇ ਖੜ੍ਹੇ ਮੀਂਹ ਦੇ ਪਾਣੀ ਨੂੰ ਪ੍ਰਾਇਮਰੀ ਸਕੂਲ ਦੇ ਨਾਲ ਲੱਗਦੀ ਜਗ੍ਹਾ ਵਿੱਚ ਆਰਜ਼ੀ ਤੌਰ ’ਤੇ ਕੱਢਿਆ ਜਾ ਰਿਹਾ ਹੈ ਤਾਂ ਕਿ ਦੂਜੇ ਪਾਸੇ ਟੋਭੇ ਦੀ ਸਾਫ ਸਫਾਈ ਕਰਕੇ ਉਸ ਨੂੰ ਹੋਰ ਡੂੰਘਾ ਕੀਤਾ ਜਾ ਸਕੇ। ਉਨ੍ਹਾਂ ਵਿਭਾਗ ‘ਤੇ ਲਗਾਏ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ।