ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ ਰੋਸ ਮਾਰਚ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 6 ਅਕਤੂਬਰ
ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੇ ਸਵਾਮੀ ਰਾਮਗਿਰੀ ਮਹਾਰਾਜ ਅਤੇ ਨਰਸਿਮਹਾਨੰਦ ਸਰਸਵਤੀ ਵੱਲੋਂ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਖ਼ਿਲਾਫ਼ ਕਥਿਤ ਨਫ਼ਰਤ ਭਰੀਆਂ ਅਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਰੋਸ ਵਜੋਂ ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਦੇ ਸੱਦੇ ’ਤੇ ਸਥਾਨਕ ਸਰਹਿੰਦੀ ਦਰਵਾਜ਼ੇ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕਰਕੇ ਉਕਤ ਦੋਵੇਂ ਜਣਿਆਂ ਦੇ ਪੁਤਲੇ ਫੂਕੇ।
ਮੁਸਲਿਮ ਆਗੂਆਂ ਨੇ ਦੇਸ਼ ਦੀ ਰਾਸ਼ਟਰਪਤੀ ਦੇ ਨਾਂ ਸਹਾਇਕ ਕਮਿਸ਼ਨਰ ਹਰਬੰਸ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਉਕਤ ਦੋਵੇਂ ਜਣਿਆਂ ਖ਼ਿਲਾਫ਼ ਯੂ.ਏ.ਪੀ.ਏ. ਤਹਿਤ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਮੁਫ਼ਤੀ-ਏ ਆਜ਼ਮ ਪੰਜਾਬ ਮੌਲਾਨਾ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਆਪਣੇ ਨਬੀ ਦੀ ਸ਼ਾਨ ਦੇ ਖ਼ਿਲਾਫ਼ ਕੋਈ ਵੀ ਗੱਲ ਬਰਦਾਸ਼ਤ ਨਹੀਂ ਕਰੇਗਾ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਦੇਸ਼ ਅੰਦਰ ਅਮਨ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਵਾਲਾ ਮਹਿਲ ਬਰਕਰਾਰ ਰਹੇ। ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਮੁਬੀਨ ਨੇ ਕਿਹਾ ਕਿ ਉਕਤ ਦੋਵਾਂ ਜਣਿਆਂ ਵੱਲੋਂ ਲਗਾਤਾਰ ਜਨਤਕ ਮੰਚਾਂ ’ਤੇ ਦੇਸ਼ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਦੇਸ਼ ਅੰਦਰ ਫ਼ਿਰਕੂ ਮਹੌਲ ਸਿਰਜਿਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਮੁਫ਼ਤੀ ਮੁਹੰਮਦ ਦਿਲਸ਼ਾਦ ਕਾਸਮੀ, ਮੁਫ਼ਤੀ ਮੁਹੰਮਦ ਮਲਿਕ,ਹਾਜੀ ਮੁਹੰਮਦ ਜਮੀਲ, ਮੁਹੰਮਦ ਸ਼ਮਸ਼ਾਦ ਝੋਕ, ਮੁਹੰਮਦ ਅਖ਼ਤਰ ਅਬਦਾਲੀ, ਮੁਹੰਮਦ ਜ਼ਾਹਿਦ ਰਾਣਾ, ਮੁਹੰਮਦ ਸ਼ੌਕਤ, ਮੁਹੰਮਦ ਤਾਰਿਕ,ਮੁਕਰੱਮ ਸੈਫ਼ੀ, ਮੁਹੰਮਦ ਖ਼ਾਲਿਦ ਬਰਾੜ,ਬੁੰਦੂ ਮਲਿਕ ਮੁਹੰਮਦ ਫ਼ੈਸਲ ਰਾਣਾ, ਇਰਸ਼ਾਦ ਮਜੀਬ ਆਦਿ ਹਾਜ਼ਰ ਸਨ।