ਅਧਿਆਪਕਾਂ ਵੱਲੋਂ ਮਸਲੇ ਹੱਲ ਨਾ ਹੋਣ ’ਤੇ ਰੋਸ ਮਾਰਚ
ਸਤਵਿੰਦਰ ਬਸਰਾ
ਲੁਧਿਆਣਾ, 28 ਅਗਸਤ
ਪੀਏਯੂ ਦੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਹਫਤੇ ਤੋਂ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਰੋਸ ਧਰਨੇ ਦੇ ਅੱਜ ਸਤਵੇਂ ਦਿਨ ’ਵਰਸਿਟੀ ਦੇ ਅਧਿਆਪਕਾਂ ਨੇ ਕੈਂਪਸ ਵਿੱਚ ਰੋਸ ਰੈਲੀ ਕੱਢੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਂਦੇ ਦਿਨਾਂ ’ਚ ’ਵਰਸਿਟੀ ਦੇ ਪ੍ਰਸ਼ਾਸਨਿਕ ਵਿੰਗ ‘ਥਾਪਰ ਹਾਲ’ ਨੂੰ ਤਾਲਾ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਐਸੋਸੀਏਸ਼ਨ ਦੇ ਸਕੱਤਰ ਡਾ. ਗੁਰਮੀਤ ਸਿੰਘ ਢੇਰੀ ਨੇ ਕਿਹਾ ਕਿ ਉਹ ਸੋਧੇ ਹੋਏ ਤਨਖਾਹ ਦੇ ਬਕਾਏ ਦਾ ਭੁਗਤਾਨ ਕਰਨ, ਬੇਸਿਕ ਪੇਅ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਅਤੇ ਪੇਅ ਸਮਾਨਤਾ ਦਾ ਹੱਲ ਕਰਨ, ਸੋਧੇ ਹੋਏ ਭੱਤੇ ਅਤੇ ਗਰੈਚੁਟੀ ਦੇਣ, ਪੁਰਾਣੀ ਪੈਨਸ਼ਨ ਸਕੀਮ ਨੂੰ ਦੁਬਾਰਾ ਲਾਗੂ ਕਰਨ ਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਰਹਿੰਦੀਆਂ ਤਿੰਨ ਕਿਸ਼ਤਾਂ ਜਾਰੀ ਕਰਨ ਦੀ ਮੰਗ ਕਰ ਰਹੇ ਹਨ।
ਜਾਇਜ਼ ਮੰਗਾਂ ਵੱਲ ਅਧਿਕਾਰੀਆਂ ਨੇ ਧਿਆਨ ਨਾ ਦਿੱਤਾ: ਪ੍ਰਧਾਨ
ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ’ਤੇ ਆਪਣੀਆਂ ਮੰਗਾਂ ਸਬੰਧੀ ਨਾ ਸਿਰਫ ’ਵਰਸਿਟੀ ਪ੍ਰਸਾਸ਼ਨ ਨੂੰ ਸਗੋਂ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਕਿਸੇ ਨੇ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ।