ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕਲਾਸਾਂ ਦਾ ਬਾਈਕਾਟ ਕਰ ਕੇ ਰੋਸ ਮਾਰਚ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਅਕਤੂਬਰ
ਇੱਥੇ ਭਾਦਸੋਂ ਰੋਡ ’ਤੇ ਸਥਿਤ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀਆਂ ਦਾ ਉਪ ਕੁਲਪਤੀ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਅੱਜ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਦਿਆਂ ਸ਼ਾਮ ਨੂੰ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਉਪ ਕੁਲਪਤੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਹਾਲਾਂਕਿ, ਬੀਤੇ ਦਿਨ ਉਪ ਕੁਲਪਤੀ ਨੇ ਕਹਿ ਦਿੱਤਾ ਸੀ ਕਿ ਉਹ ਵਿਦਿਆਰਥੀਆਂ ਦੇ ਕਲਾਸਾਂ ਵਿੱਚ ਜਾਣ ਤੋਂ ਕੁਝ ਦਿਨ ਬਾਅਦ ਅਸਤੀਫ਼ਾ ਦੇ ਦੇਣਗੇ ਪਰ ਵਿਦਿਆਰਥੀ ਬਾਹਰੀ ਜਾਂਚ ਕਮਿਸ਼ਨ ਬਣਾਉਣ ’ਤੇ ਅੜੇ ਹੋਏ ਹਨ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਹਾਲਾਂਕਿ ਉਪ ਕੁਲਪਤੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਤੇ ਅਸਤੀਫ਼ਾ ਦੇਣ ਦੀ ਹਾਮੀ ਭਰ ਦਿੱਤੀ ਹੈ ਪਰ ਉਹ ਮਾਮਲੇ ਦੀ ਜਾਂਚ ਕਰਵਾਉਣ ਲਈ ਬਾਹਰੀ ਜਾਂਚ ਕਮਿਸ਼ਨ ਬਣਾਉਣ ਲਈ ਬਜ਼ਿੱਦ ਹਨ। ਦੂਜੇ ਪਾਸੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਚੀਫ ਜਸਟਿਸ ਤੇ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਦਿੱਤੇ ਜਾਣ ਵਾਲੇ ਫ਼ੈਸਲੇ ਦੀ ਉਡੀਕ ਵਿੱਚ ਹਨ, ਕਿਉਂਕਿ ਬਾਹਰੀ ਸਮਝੌਤਾ/ਜਾਂਚ ਕਮੇਟੀ ਦੀ ਰਿਪੋਰਟ ਚੀਫ਼ ਜਸਟਿਸ ਕੋਲ ਚਲੀ ਗਈ ਹੈ। ਉਨ੍ਹਾਂ ਕਿਹਾ, ‘‘ਹੁਣ ਸਾਡੀ ਉਡੀਕ ਇਸ ਗੱਲ ’ਤੇ ਹੈ ਕਿ ਚਾਂਸਲਰ ਉਸ ਰਿਪੋਰਟ ’ਤੇ ਕੀ ਫ਼ੈਸਲਾ ਕਰਦੇ ਹਨ?’’ ਅੱਜ ਸ਼ਾਮ ਨੂੰ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਦੀਆਂ ਸੜਕਾਂ ’ਤੇ ਰੋਸ ਮਾਰਚ ਕੀਤਾ, ਜਿਸ ਵਿੱਚ ਬਾਹਰੀ ਜਾਂਚ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਗਈ।