ਪੀਐੱਸਯੂ ਵੱਲੋਂ ਵਿਦਿਆਰਥੀ ਮੰਗਾਂ ਦੇ ਹੱਕ ਵਿੱਚ ਰੋਸ ਮਾਰਚ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਸੱਦੇ ਤਹਿਤ ਤਹਿਸੀਲ ਕੰਪਲੈਕਸ ਤੱਕ ਰੈਲੀ ਕਰ ਕੇ ਮੰਗ ਪੱਤਰ ਤਹਿਸੀਲਦਾਰ ਪਾਤੜਾਂ ਸੰਦੀਪ ਸਿੰਘ ਨੂੰ ਸੌਂਪਿਆ ਗਿਆ। ਇਸ ਦੌਰਾਨ ਇਕੱਤਰ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਸੂਬਾ ਕਮੇਟੀ ਮੈਂਬਰ ਗੁਰਸੇਵਕ ਸਿੰਘ ਸੇਬੀ ਨੇ ਕਿਹਾ ਕੀ ਅੱਜ ਜਦੋਂ ਕਰੋਨਾ ਮਹਾਮਾਰੀ ਦੇ ਦੌਰ ਅੰਦਰ ਦੇਸ਼ ਦੀ ਆਰਥਿਕਤਾ ਤਬਾਹ ਹੋ ਚੁੱਕੀ ਹੈ, ਦੇਸ਼ ਦਾ ਹਰ ਵਰਗ ਬਦ ਤੋਂ ਬਦਤਰ ਹਾਲਾਤ ’ਚ ਜਾ ਚੁੱਕਾ ਹੈ, ਤਾਂ ਕਰੋਨਾ ਮਹਾਮਾਰੀ ਦੀ ਆੜ ਹੇਠ ਦੇਸ਼ ਦੇ ਹਾਕਮਾਂ ਵੱਲੋਂ ਪੂਰੀ ਤਰ੍ਹਾਂ ਲੋਕ ਵਿਰੋਧੀ ਫ਼ੈਸਲੇ ਲਾਗੂ ਕੀਤੇ ਜਾ ਰਹੇ ਹਨ।
ਇਸੇ ਤਹਿਤ ਭਾਜਪਾ ਵੱਲੋਂ ਕੌਮੀ ਸਿੱਖਿਆ ਨੀਤੀ ਤਹਿਤ ਵਿਦਿਆਰਥੀ ਵਿਰੋਧੀ, ਘੱਟ ਗਿਣਤੀਆਂ ਵਿਰੋਧੀ, ਵਿਗਿਆਨਕ ਵਿਚਾਰਾਂ ਵਿਰੋਧੀ, ਦਲਿਤ ਅਤੇ ਔਰਤਾਂ ਵਿਰੋਧੀ, ਮਾਨੁਸਮ੍ਰਿਤੀ ਤਹਿਤ ਨਵੀਂ ਸਿੱਖਿਆ ਨੀਤੀ ਵੱਲ ਵੱਧ ਰਹੇ ਹਨ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ।
ਯੂਨੀਵਰਸਿਟੀ ਤੇ ਕਾਲਜਾਂ ਵੱਲੋਂ ਆਨਲਾਈਨ ਪੜ੍ਹਾਈ ਦੇ ਨਾਂ ’ਤੇ ਫੀਸਾਂ ਲੈਣੀਆਂ ਬੰਦ ਕੀਤੀਆਂ ਜਾਣ, ਫਾਈਨਲ ਕਲਾਸ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ 1 ਮਹੀਨਾ ਕਲਾਸਾਂ ਲਗਾਉਣ ਦਾ ਸਮਾਂ ਦਿੱਤਾ ਜਾਵੇ, ਜੇਕਰ ਕਲਾਸਾਂ ਨਹੀਂ ਲੱਗ ਸਕਦੀਆਂ ਤਾਂ ਵਿਦਿਆਰਥੀਆਂ ਨੂੰ ਪਰਮੋਟ ਕੀਤਾ ਜਾਵੇ, ਆਈਟੀਆਈਜ਼ ਦੇ ਡਿਊਲ ਸਿਸਟਮ ਤਹਿਤ ਵਿਦਿਆਰਥੀਆਂ ਦੀ ਲੁੱਟ ਕਰਨੀ ਬੰਦ ਕੀਤੀ ਜਾਵੇ, ਜਨਤਕ ਇਕੱਠਾ ਉਪਰ ਰੋਕ ਖਤਮ ਕੀਤੀ ਜਾਵੇ, ਐੱਸਸੀ ਵਿਦਿਆਰਥੀਆਂ ਕੋਲੋਂ ਫੀਸਾਂ ਤੇ ਪੀਟੀਏ ਫੰਡ ਲੈਣ ਦਾ ਫ਼ੈਸਲਾ ਰੱਦ ਕੀਤਾ ਜਾਵੇ ਅਤੇ ਗ੍ਰਿਫ਼ਤਾਰ ਕੀਤੇ ਬੁਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ, ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕੀ ਜੇਕਰ ਉਪਰੋਕਤ ਮੰਗਾਂ ਨੂੰ ਜਲਦੀ ਨਹੀਂ ਪੂਰਾ ਕੀਤਾ ਗਿਆ ਤਾਂ ਪੰਜਾਬ ਦੇ ਵਿਦਿਆਰਥੀ ਪੀਐੱਸਯੂ ਦੀ ਅਗਵਾਈ ਹੇਠ ਸੰਘਰਸ਼ ਨੂੰ ਤਿੱਖੇ ਰੂਪ ਵਿਚ ਲਾਗੂ ਕਰਨਗੇ।