ਪੀਐੱਸਯੂ ਵੱਲੋਂ ਚੱਬੇਵਾਲ ’ਚ ਰੋਸ ਮਾਰਚ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਨਵੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬੇ ਦੇ ਵਸਨੀਕਾਂ ਨੂੰ ਸਰਕਾਰੀ ਨੌਕਰੀਆਂ ’ਚ 90 ਫ਼ੀਸਦੀ ਰਾਖਵਾਂਕਰਨ ਅਤੇ ਸਿੱਖਿਆ ਨੂੰ ਰਾਜ ਦਾ ਵਿਸ਼ਾ ਬਣਾਉਣ ਦੀ ਮੰਗ ਲਈ ਹਲਕਾ ਚੱਬੇਵਾਲ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਤੋਂ ਬਾਅਦ ‘ਆਪ’ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਤਹਿਸੀਲਦਾਰ ਰਣਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੰਗ ਪੱਤਰ ਲਿਆ ਜਿਸ ਉਪਰੰਤ ਧਰਨਾ ਚੁੱਕਿਆ ਗਿਆ। ਧਰਨੇ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ, ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ ਅਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਸਰਕਾਰੀ ਨੌਕਰੀਆਂ ’ਚ 90 ਫੀਸਦੀ ਰਾਖਵਾਂਕਰਨ ਦਿੱਤਾ ਜਾਵੇ ਕਿਉਂਕਿ ਪੰਜਾਬ ਵਿੱਚ ਵੱਡੇ ਪੱਧਰ ’ਤੇ ਪੰਜਾਬ ਵਾਸੀਆਂ ਦੀ ਥਾਂ ਦੂਸਰੇ ਰਾਜਾਂ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਰਿਹਾਇਸ਼ ਸਰਟੀਫਿਕੇਟ ਉਨ੍ਹਾਂ ਨੂੰ ਜਾਰੀ ਕੀਤੇ ਜਾਣ ਜੋ ਦਸ ਸਾਲ ਤੋਂ ਪੰਜਾਬ ਦੇ ਵਸਨੀਕ ਹੋਣਗੇ ਤੇ ਨੌਕਰੀ ਲਈ ਬਣਦੀ ਮੈਰਿਟ ਸੂਚੀ ਵਿੱਚ ਪੰਜਾਬੀ ਦੇ ਪੇਪਰ ਦੇ ਨੰਬਰ ਵੀ ਦਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਕੇਂਦਰੀਕਰਨ ਕਰਨ ਦੀ ਬਜਾਇ ਸਿੱਖਿਆ ਨੂੰ ਰਾਜਾਂ ਦਾ ਵਿਸ਼ਾ ਬਣਾਇਆ ਜਾਵੇ। ਇਸ ਮੌਕੇ ਜ਼ੋਨ ਆਗੂ ਰਾਣਾ ਪ੍ਰਤਾਪ ਰੰਗੀਲਪੁਰ, ਰਮਨਦੀਪ ਕੌਰ, ਮਨਪ੍ਰੀਤ ਕੌਰ ਮਨਸਾਲੀ ਅਤੇ ਸਰਿਤਾ ਨੇ ਵੀ ਸੰਬੋਧਨ ਕੀਤਾ।