ਕੁਲੈਕਟਰ ਰੇਟ ’ਚ ਵਾਧੇ ਖ਼ਿਲਾਫ਼ ਪ੍ਰਾਪਰਟੀ ਡੀਲਰਾਂ ਵੱਲੋਂ ਰੋਸ ਮਾਰਚ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ
ਪ੍ਰਾਰਪਟੀ ਡੀਲਰਾਂ ਵੱਲੋਂ ਕੁਲੈਕਟਰ ਰੇਟਾਂ ’ਚ ਕੀਤੇ ਵਾਧੇ ਨੂੰ ਘਟਾਉਣ ਲਈ ਸ਼ੁਰੂ ਕੀਤਾ ਸੰਘਰਸ਼ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ, ਸ਼ਹਿਰ ਵਿੱਚ ਰੋਸ ਮਾਰਚ ਅਤੇ ਕੋਟਕਪੂਰਾ ਚੌਕ ਵਿੱਚ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਜਥੇਬੰਦੀ ਦੇ ਪ੍ਰਧਾਨ ਅਸ਼ੋਕ ਚੁੱਘ, ਜਨਰਲ ਸਕੱਤਰ ਕਰਮਜੀਤ ਸਿੰਘ ਕਰਮਾ, ਮਨਜੀਤ ਬੱਤਰਾ ਅਤੇ ਸੁਰਿੰਦਰ ਗਿਰਧਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਲੈਕਟਰ ਰੇਟਾਂ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਹੈ ਜਿਸ ਦਾ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਉਪਰ ਭਾਰੀ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਮੌਕੇ ’ਤੇ ਜਾ ਕੇ ਲੋਕਾਂ ਅਤੇ ਪ੍ਰਾਪਰਟੀ ਦੇ ਧੰਦੇ ਨਾਲ ਜੁੜੇ ਲੋਕਾਂ ਦੇ ਮਸ਼ਵਰੇ ਨਾਲ ਜਾਇਜ਼ ਰੇਟ ਵਧਾਵੇ ਪਰ ਡਿਪਟੀ ਕਮਿਸ਼ਨਰ ਉਨ੍ਹਾਂ ਦੀ ਕਿਸੇ ਗੱਲ ’ਤੇ ਗੌਰ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੇ ਰੇਟ ਨਾ ਘਟਾਏ ਤਾਂ ਉਹ ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਸਰਕਾਰ ਖਿਲਾਫ਼ ਮੁਜ਼ਾਹਰਾ ਕਰਨਗੇ। ਉਨ੍ਹਾਂ ਦੱਸਿਆ ਕਿ ਅਮਰਿੰਦਰ ਸਿੰਘ ਰਾਜਾ ਬਰਾੜ, ਸੁਖਬੀਰ ਬਾਦਲ, ਰਾਣਾ ਸੋਢੀ, ਜਗਮੀਤ ਸਿੰਘ ਬਰਾੜ ਅਤੇ ਹੋਰ ਆਗੂਆਂ ਵੱਲੋਂ ਵੀ ਇਸ ਧਰਨੇ ਦਾ ਸਮਰਥਨ ਕੀਤਾ ਗਿਆ ਹੈ।