For the best experience, open
https://m.punjabitribuneonline.com
on your mobile browser.
Advertisement

ਮਿੱਡ-ਡੇਅ ਮੀਲ ਵਰਕਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ

10:11 AM Aug 11, 2024 IST
ਮਿੱਡ ਡੇਅ ਮੀਲ ਵਰਕਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ
ਪਟਿਆਲਾ ਵਿੱਚ ਸਰਕਾਰ ਦਾ ਪੁਤਲਾ ਫੂਕਦੀਆਂ ਹੋਈਆਂ ਮਿੱਡ-ਡੇਅ ਮੀਲ ਵਰਕਰਾਂ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਅਗਸਤ
ਮਿੱਡ-ਡੇਅ ਮੀਲ ਵਰਕਰ ਯੂਨੀਅਨ ਵੱਲੋਂ ਅੱਜ ਪੁੱਡਾ ਗਰਾਊਂਡ ਵਿੱਚ ਇਕੱਠ ਕਰਨ ਮਗਰੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਵੱਲ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਦੇ ਨਾਲ-ਨਾਲ ਝਾੜੂ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜਦੋਂ ਹੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਵੱਲ ਰੋਸ ਮਾਰਚ ਕਰਕੇ ਕੋਠੀ ਘੇਰਨ ਲਈ ਸੰਘਰਸ਼ਕਾਰੀ ਜਾਣ ਲੱਗੇ ਤਾਂ ਕੋਠੀ ਤੋਂ ਕੁਝ ਦੂਰ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ, ਕਾਫ਼ੀ ਸਮਾਂ ਇੱਥੇ ਹੀ ਸੰਘਰਸ਼ਕਾਰੀ ਨਾਅਰੇਬਾਜ਼ੀ ਕਰਦੇ ਰਹੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਇਕ ਅਧਿਕਾਰੀ ਨੇ ਉਨ੍ਹਾਂ ਤੋਂ ਮੰਗ ਪੱਤਰ ਫੜਿਆ ਤੇ ਰੋਸ ਮਾਰਚ ਤੋਂ ਘਬਰਾਏ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਮੰਤਰੀ ਨਾਲ 20 ਅਗਸਤ ਨੂੰ ਮੀ‌ਟਿੰਗ ਕਰਾਉਣ ਦਾ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਪਿੰਕੀ ਪਟਿਆਲਾ ਅਤੇ ਜ਼ਿਲ੍ਹਾ ਸਕੱਤਰ ਬੀਨਾ ਘੱਗਾ ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਵਿਧਾਇਕਾ ਅਤੇ ਮੰਤਰੀਆਂ ਵੱਲੋਂ ਖ਼ਾਸ ਕਰ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਰਿਹਾਇਸ਼ ’ਤੇ ਕੁੱਕ ਵਰਕਰਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ‘ਆਪ’ ਸਰਕਾਰ ਆਉਣ ’ਤੇ ਮਿੱਡ-ਡੇਅ ਮੀਲ ਵਰਕਰਾਂ ਦੀ ਤਨਖ਼ਾਹ ਛੇ ਹਜ਼ਾਰ ਕੀਤੀ ਜਾਵੇਗੀ, ਪਰ ਸਰਕਾਰ ਬਣਨ ਤੋਂ ਬਾਅਦ ਤਨਖ਼ਾਹ ਦੁੱਗਣੀ ਤਾਂ ਕੀ ਕਰਨੀ ਸੀ ਸਗੋਂ ਸਰਕਾਰ ਮੀਟਿੰਗਾਂ ਕਰਨ ਤੋਂ ਵੀ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ਦਾ ਬਹਾਨਾ ਬਣਾ ਕੇ ਵਰਕਰਾਂ ਦੀਆਂ ਛਾਂਟੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਆਪਣੀਆਂ ਮੰਗਾਂ ਮੰਗਵਾਉਣ ਖ਼ਾਤਰ ਇਨ੍ਹਾਂ ਦੀਆਂ ਕੋਠੀਆਂ ਅੱਗੇ ਧਰਨਾ ਲਾਇਆ ਜਾਂਦਾ ਤਾਂ ਇਨ੍ਹਾਂ ਵੱਲੋਂ ਪੁਲੀਸ ਰੋਕਾਂ ਲਗਾ ਕੇ ਰੋਕਿਆ ਜਾਂਦਾ। ਆਗੂਆਂ ਨੇ ਕਿਹਾ ਕਿ ਜਥੇਬੰਦੀ ਲੰਮੇ ਸਮੇਂ ਤੋਂ ਵਰਕਰਾਂ ’ਤੇ ਘੱਟੋ-ਘੱਟ ਪੰਜਾਬ ਦੇ ਤਨਖ਼ਾਹ ਸਕੇਲ ਲਾਗੂ ਕਰਵਾਉਣ, ਛਾਂਟੀਆਂ ਰੁਕਵਾਉਣ, ਵਰਕਰਾਂ ਨੂੰ ਮਿਲਣ ਵਾਲੀਆਂ ਛੁੱਟੀਆਂ ਸਬੰਧੀ ਪੱਤਰ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ, ਸਮੁੱਚੇ ਵਰਕਰਾਂ ਦਾ ਬੀਮਾ ਕਰਵਾਉਣ, ਵਰਕਰ ਦੀ ਮੌਤ ਹੋਣ ’ਤੇ ਮੁਆਵਜ਼ਾ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਹੀ ਕੰਮ ’ਤੇ ਰੱਖਣ ਸਬੰਧੀ ਸੰਘਰਸ਼ ਕਰਦੀ ਆ ਰਹੀ ਹੈ। ਇਸ ਦੌਰਾਨ ਮਨਜੀਤ ਕਲਿਆਣ ਅਤੇ ਜਸਪਾਲ ਕੌਰ ਨੇ ਆਖਿਆ ਕਿ ਪਿਛਲੇ ਸਮੇਂ ਸੂਬਾ ਕਮੇਟੀ ਦੀ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਵਰਕਰਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ। ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪਹਿਲੀ ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਪਟਿਆਲਾ ਜ਼ਿਲ੍ਹੇ ਦੀਆਂ ਕੁੱਕ ਵਰਕਰਾਂ ਨੂੰ ਲਾਮਬੰਦ ਕਰਕੇ ਰੈਲੀ ਵਿੱਚ ਸ਼ਮੂਲੀਅਤ ਕਰਵਾਈ ਜਾਵੇਗੀ।
ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਤੋਂ ਗੁਰਜੀਤ ਘੱਗਾ ਪ੍ਰਵੀਨ ਯੋਗੀਪੁਰ ਅਤੇ ਮਿੱਡ-ਡੇਅ ਮੀਲ ਵਰਕਰ ਯੂਨੀਅਨ ਤੋਂ ਪਰਵਿੰਦਰ ਸਮਾਣਾ, ਚਰਨਜੀਤ ਜੰਡਮੰਗੋਲੀ, ਸੁਨੀਤਾ ਦੇਵੀਗੜ੍ਹ, ਨਸੀਬ ਕੌਰ, ਮਨਜੀਤ ਕੌਰ, ਸੁਨੀਤਾ ਦੇਧਨਾ, ਲੱਛਮੀ ਪਟਿਆਲਾ, ਮੋਨਿਕਾ ਬੇਗ਼ਮ ਘਨੌਰ, ਹਰਪ੍ਰੀਤ ਕੌਰ, ਗੁਰਜੀਤ ਕੌਰ ਅਤੇ ਮਨਪ੍ਰੀਤ ਪਟਿਆਲਾ ਆਦਿ ਸ਼ਾਮਲ ਸਨ।

Advertisement

Advertisement
Advertisement
Author Image

Advertisement