ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰੋਸ ਮਾਰਚ
ਅਜੇ ਮਲਹੋਤਰਾ
ਬਸੀ ਪਠਾਣਾਂ, 11 ਅਗਸਤ
ਨਸ਼ਿਆਂ ਦੇ ਖਾਤਮੇ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (ਢੱਲੇਵਾਲ) ਵੱਲੋਂ ਬਸੀ ਪਠਾਣਾਂ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਰੋਸ ਮਾਰਚ ਕੱਢਿਆ ਗਿਆ। ਜੱਥੇਬੰਦੀ ਵੱਲੋਂ ਰੋਸ ਮਾਰਚ ਉਪਰੰਤ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਪੰਜਾਬ ਸਰਕਾਰ ਅਤੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੇ ਨਾਮ ਦਿੱਤੇ ਗਏ ਮੰਗ ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਗੁਰਜਿੰਦਰ ਸਿੰਘ ਖੋਜੇਮਾਜਰਾ ਅਤੇ ਬਲਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਸਰਕਾਰ ਤੁਰੰਤ ਬੰਦ ਕਰੇ ਅਤੇ ਹੜ੍ਹਾਂ ਦੌਰਾਨ ਪੰਜਾਬ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਮੰਨੀਪੁਰ ਅਤੇ ਹਰਿਆਣਾ ਵਿਖੇ ਹੋਈ ਹਿੰਸਾ ਦੇ ਦੋਸ਼ੀਆਂ ਤੇ ਕੇਂਦਰ ਸਰਕਾਰ ਸਖਤ ਕਾਰਵਾਈ ਕਰੇ। ਇਸ ਮੌਕੇ ਜ਼ਿਲ੍ਹਾ ਯੂਥ ਕਨਵੀਨਰ ਗੁਰਜਿੰਦਰ ਸਿੰਘ, ਬਲਵਿੰਦਰ ਸਿੰਘ ਘੇਲ, ਪ੍ਰਕਾਸ਼ ਸਿੰਘ ਬੱਬਲ ਹਾਜ਼ਰ ਸਨ।