ਕੰਪਿਊਟਰ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮਾਰਚ
ਮਨੋਜ ਸ਼ਰਮਾ
ਬਠਿੰਡਾ, 11 ਅਕਤੂਬਰ
ਮਾਲਵੇ ਦੇ 9 ਜ਼ਿਲਿਆਂ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਜ ਬਠਿੰਡਾ ਦੇ ਟੀਚਰ ਹੋਮ ਵਿਚ ਇਕੱਠੇ ਕੀਤਾ ਗਿਆ ਜਿਸ ਮਗਰੋਂ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਾਜ਼ਾਰਾਂ ਵਿੱਚ ਰੋਸ ਮਾਰਚ ਤੇ ਮੋਮਬੱਤੀ ਮਾਰਚ ਕੀਤਾ। ਇਸ ਦੌਰਾਨ ਗੋਲ ਡਿੱਗੀ ਚੌਕ ਦਾ ਘਿਰਾਓ ਕਰਕੇ ਜਾਮ ਲਾਇਆ ਗਿਆ। ਅਧਿਆਪਕ ਆਗੂ ਗੁਰਬਖਸ਼ ਲਾਲ, ਸੈਫ਼ੀ ਗੋਇਲ, ਸੁਮਿਤ ਗੋਇਲ, ਰੇਸ਼ਮ ਸਿੰਘ ਅਤੇ ਜਗਪਾਲ ਬੰਗੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਲਗਾਤਾਰ ਉਨ੍ਹਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਕੰਪਿਊਟਰ ਅਧਿਆਪਕਾਂ ਵੱਲੋਂ 1 ਸਤੰਬਰ ਤੋਂ ਲਗਾਤਾਰ ਸੰਗਰੂਰ ਡੀਸੀ ਦਫਤਰ ਦੇ ਸਾਹਮਣੇ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਹੋਈ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਮਾਂ ਰਹਿੰਦੇ ਉਹਨਾਂ ਦੇ ਸਾਰੇ ਬਣਦੇ ਹੱਕ ਬਹਾਲ ਨਾ ਕੀਤੇ ਗਏ ਤਾਂ ਉਹ ਸੰਘਰਸ਼ ਨੂੰ ਸੜਕਾਂ ਤੇ ਲੈ ਆਉਣ ਦੇ ਨਾਲ ਨਾਲ ਪਿੰਡਾਂ ਵਿਚ ਵੀ ਲੈਕੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ
ਉਨ੍ਹਾਂ ਮੰਗ ਕੀਤਾ ਕਿ ਸਾਲ 2011 ਵਿੱਚ ਉਨ੍ਹਾਂ ਨੂੰ ਮਿਲੇ ਰੈਗੂਲਰ ਆਰਡਰਾਂ ਅਨੁਸਾਰ ਬਣਦੇ ਹੱਕ ਬਹਾਲ ਕੀਤੇ ਜਾਣ, ਉਨ੍ਹਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਨ ਕਰਕੇ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਣਦੀ ਵਿੱਤੀ ਸਹਾਇਤਾ ਦਿੰਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ’ਤੇ ਬਠਿੰਡਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਹਾਜ਼ਰ ਸਨ।