ਮਨੀਪੁਰ ਅਤੇ ਮੰਡੌੜ ਦੀ ਘਟਨਾਵਾਂ ਖ਼ਿਲਾਫ਼ ਵੱਖ-ਵੱਖ ਥਾਈਂ ਰੋਸ ਮਾਰਚ
ਖੇਤਰੀ ਪ੍ਰਤੀਨਿਧ
ਪਟਿਆਲਾ, 25 ਜੁਲਾਈ
ਮਨੀਪੁਰ ਘਟਨਾ ਸਬੰਧੀ ਸੀਪੀਆਈ (ਐਮ) ਨੇ ਅੱਜ ਇਥੇ ਕੇਂਦਰ ਅਤੇ ਮਨੀਪੁਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਪੁਤਲਾ ਫੂਕਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਧਰਮਪਾਲ ਨੇ ਕੇਂਦਰ ਤੋਂ ਮਨੀਪੁਰ ਦੀ ਭਾਜਪਾ ਸਰਕਾਰ ਨੂੰ ਭੰਗ ਕਰਨ ਦੀ ਮੰਗ ਕੀਤੀ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੀਟੂ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ, ਭੱਠਾ ਮਜ਼ਦੂਰ ਆਈ.ਏ.ਐਲ. ਯੂਨੀਅਨ, ਮਿੱਡ ਡੇਅ ਮੀਲ ਯੂਨੀਅਨ ਆਦਿ ਦੇ ਸੈਂਕੜੇ ਕਾਰਕੁੰਨਾਂ ਵਲੋਂ ਮਨੀਪੁਰ ’ਚ ਵਾਪਰ ਰਹੀਆਂ ਜਬਰ ਜ਼ੁਲਮ ਦੀਆਂ ਘਟਨਾਵਾਂ ’ਤੇ ਦੇਸ਼ ਦੀ ਸਰਕਾਰ ਨੂੰ ਜਗਾਉਣ ਲਈ ਰੋਸ ਮਾਰਚ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਯੂਨੀਅਨਾਂ ਦੇ ਆਗੂ ਤੇ ਵਰਕਰ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਔਲਖ ਅਤੇ ਸਕੱਤਰ ਇੰਦਰਪਾਲ ਪੁੰਨਾਂਵਾਲ ਦੀ ਅਗਵਾਈ ਹੇਠ ਇਕੱਠੇ ਹੋਏ ਜਿਸ ਪੰਜਾਬ ਦੇ ਪ੍ਰਧਾਨ ਮਹਾਂ ਸਿੰਘ ਰੋੜੀ ਅਤੇ ਸਕੱਤਰ ਅਮਰਨਾਥ ਕੂੰਮਕਲਾਂ ਸ਼ਾਮਿਲ ਹੋਏ। ਬੁਲਾਰਿਆਂ ਨੇ ਕਿਹਾ ਕਿ ਮਨੀਪੁਰ ਦੀ ਘਟਨਾ ਨੇ ਸਾਰੇ ਹੀ ਭਾਰਤ ਦੇ ਲੋਕਾਂ ਨੂੰ ਸ਼ਰਮਸਾਰ ਕੀਤਾ ਹੈ।ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵਲੋਂ ਮਨੀਪੁਰ ’ਚ ਵਾਪਰੀ ਘਟਨਾ ਦੇ ਵਿਰੋਧ ’ਚ ਰੋਸ ਮਾਰਚ ਕੀਤਾ ਗਿਆ।
ਨਾਭਾ (ਨਿੱਜੀ ਪੱਤਰ ਪ੍ਰੇਰਕ): ਇਥੇ ਵੱਖ ਵੱਖ ਪਿੰਡਾਂ ਤੋਂ ਬੀਬੀਆਂ, ਕਾਲਜ ਦੀ ਵਿਦਿਆਰਥਣਾਂ ਅਤੇ ਹੋਰ ਮਹਿਲਾਵਾਂ ਵੱਲੋ ਇਸਤਰੀ ਜਾਗ੍ਰਿਤੀ ਮੰਚ ਦੇ ਬੈਨਰ ਹੇਠ ਮਨੀਪੁਰ ਅਤੇ ਮੰਡੌੜ ਦੀ ਘਟਨਾਵਾਂ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਕਾਲਜ ਗਰਾਊਂਡ ਤੋਂ ਪਟਿਆਲਾ ਗੇਟ ਤੱਕ ਕੀਤੇ ਗਏ ਮਾਰਚ ਵਿਚ ਕੇਂਦਰ ਸਰਕਾਰ ਦੇ ਨਾਲ ਪੰਜਾਬ ਕੈਬਨਿਟ ਮੰਤਰੀ ਡਾ ਬਲਬੀਰ ਸਿੰਘ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮਾਰਚ ਵਿਚ ਸ਼ਾਮਲ ਮਹਿਲਾਵਾਂ ਨੇ ਮਨੀਪੁਰ ਵਿਖੇ ਮਹਿਲਾਵਾਂ ਨਾਲ ਵਾਪਰੀ ਘਟਨਾ ‘ਤੇ ਸਰਕਾਰ ਦੀ ਚੁੱਪੀ ’ਤੇ ਸਵਾਲ ਚੁੱਕੇ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਉਤੇ ਪੁਲੀਸ ਤਸ਼ੱਦਦ ਦੇ ਵਿਰੋਧ ਵਿਚ ਇਲਾਕੇ ਦੇ ਪਿੰਡ ਘਰਾਚੋਂ, ਝਨੇੜੀ, ਸੰਗਤਪੁਰਾ, ਬਟੜਿਆਣਾ ਅਤੇ ਕਪਿਆਲ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਦੇ ਪੁਤਲੇ ਫੂਕੇ ਗਏ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਨਾਭਾ ਦੇ ਪਿੰਡ ਵਿਖੇ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਮੰਗ ਕਰ ਰਹੇ ਦਲਿਤ ਭਾਈਚਾਰੇ ਉੱਪਰ ਪੁਲੀਸ ਵੱਲੋਂ ਅੰਨ੍ਹਾ ਤਸ਼ੱਦਦ ਕਰਨ ਉਪਰੰਤ ਝੂਠੇ ਪਰਚੇ ਪਾ ਕੇ ਆਗੂਆਂ ਸਮੇਤ 17 ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਦਲਿਤ ਔਰਤਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ ਅਤੇ ਦਲਿਤਾਂ ਦੇ ਘਰਾਂ ਦੀ ਭੰਨ ਤੋੜ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।