ਕਾਂਗਰਸ ਵੱਲੋਂ ਮਨੀਪੁਰ ਹਿੰਸਾ ਦੇ ਵਿਰੋਧ ਵਿੱਚ ਰੋਸ ਮਾਰਚ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਗਸਤ
ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਵੱਡੀ ਤਾਦਾਦ ’ਚ ਪਾਰਟੀ ਵਰਕਰਾਂ ਵੱਲੋਂ ਮਨੀਪੁਰ ਹਿੰਸਾ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਵੀਰ ਚੌਕ ਤੋੋਂ ਸ਼ੁਰੂ ਹੋਇਆ ਮਾਰਚ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਸ਼ਹਿਰ ਦੇ ਵੱਡੇ ਚੌਕ ਵਿਚ ਸਮਾਪਤ ਹੋਇਆ। ਰੋਸ ਮਾਰਚ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਕੀਤੀ ਗਈ। ਮਾਰਚ ਵਿਚ ਸ਼ਾਮਲ ਵੱਡੀ ਤਾਦਾਦ ’ਚ ਔਰਤਾਂ ਦੀ ਅਗਵਾਈ ਮਹਿਲਾ ਕਾਂਗਰਸੀ ਆਗੂ ਸਿਮਰਤ ਕੌਰ ਖੰਗੂੜਾ ਅਤੇ ਨੇਹਾ ਸਿੱਧੂ ਵੱਲੋਂ ਕੀਤੀ ਗਈ। ਮਾਰਚ ਦੌਰਾਨ ਕਾਂਗਰਸੀ ਵਰਕਰਾਂ ਵਲੋਂ ਹੱਥਾਂ ਵਿਚ ਵੱਖ-ਵੱਖ ਨਾਅਰਿਆਂ ਵਾਲੇ ਮਾਟੋ ਚੁੱਕੇ ਹੋਏ ਸਨ ਅਤੇ ਕੇਂਦਰ ਅਤੇ ਮਨੀਪੁਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।
ਅੱਜ ਜ਼ਿਲ੍ਹਾ ਭਰ ਤੋਂ ਕਾਂਗਰਸ ਪਾਰਟੀ ਦੇ ਵਰਕਰ ਭਗਵਾਨ ਮਹਾਂਵੀਰ ਚੌਕ ’ਚ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਲਾਲ ਬੱਤੀ ਚੌਕ, ਧੂਰੀ ਗੇਟ ਬਾਜ਼ਾਰ, ਛੋਟਾ ਚੌਕ, ਸਦਰ ਬਾਜ਼ਾਰ ਤੋਂ ਹੁੰਦਿਆਂ ਸ਼ਹਿਰ ਦੇ ਵੱਡੇ ਚੌਕ ’ਚ ਪੁੱਜੇ ਜਿੱਥੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਮਨੀਪੁਰ ਘਟਨਾ ਨੇ ਸਮੁੱਚੇ ਦੇਸ਼ ਨੂੰ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਨੂੰ ਸ਼ਰਮਸ਼ਾਰ ਕੀਤਾ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗਰੋਵਰ, ਕਰਮਜੀਤ ਸਿੰਘ ਬਾਲੀਆਂ, ਮਹੇਸ ਕੁਮਾਰ ਮੇਸੀ, ਨਰੇਸ਼ ਗਾਬਾ ਆਦਿ ਸ਼ਾਮਲ ਸਨ।