For the best experience, open
https://m.punjabitribuneonline.com
on your mobile browser.
Advertisement

ਬਿਜਲੀ ਬਿੱਲਾਂ ਦੀ ਜਬਰੀ ਵਸੂਲੀ ਖ਼ਿਲਾਫ਼ ਰੋਸ ਮਾਰਚ

10:20 AM Sep 16, 2024 IST
ਬਿਜਲੀ ਬਿੱਲਾਂ ਦੀ ਜਬਰੀ ਵਸੂਲੀ ਖ਼ਿਲਾਫ਼ ਰੋਸ ਮਾਰਚ
ਪਿੰਡ ਸਿੱਧਵਾਂ ਕਲਾਂ ’ਚ ਪਾਵਰਕੌਮ ਖ਼ਿਲਾਫ਼ ਰੋਸ ਮਾਰਚ ਕਰਦੇ ਹੋਏ ਮਜ਼ਦੂਰ।
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਸਤੰਬਰ
ਦਲਿਤ ਸਮਾਜ ਨੂੰ ਅਨੁਸੂਚਿਤ ਜਾਤੀਆਂ ਦੇ ਆਧਾਰ ’ਤੇ ਮਿਲਦੀ ਬਿਜਲੀ ਬਿੱਲਾਂ ਉੱਪਰ ਮਾਫ਼ੀ ਨੂੰ ਕੱਟ ਕੇ ਭੇਜੇ ਗਏ ਨਾਜਾਇਜ਼ ਬਿਜਲੀ ਬਿੱਲਾਂ ਅਤੇ ਇਨ੍ਹਾਂ ਕਾਰਨ ਵੱਡੀਆਂ ਰਕਮਾਂ ’ਚ ਖੜ੍ਹੇ ਬਿਜਲੀ ਬਿੱਲ ਬਕਾਇਆ ਦੀ ਪਾਵਰਕੌਮ ਵੱਲੋਂ ਕੀਤੀ ਜਾ ਰਹੀ ਜਬਰਨ ਵਸੂਲੀ ਦੇ ਵਿਰੋਧ ਵਿੱਚ ਅੱਜ ਇੱਥੇ ਰੋਸ ਮਾਰਚ ਕੀਤਾ ਗਿਆ। ਇਹ ਮੁਜ਼ਾਹਰਾ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਸਿੱਧਵਾਂ ਕਲਾਂ ਵਿਖੇ ਹੋਇਆ। ਇਸ ਤੋਂ ਬਾਅਦ ਜਗਰਾਉਂ ਵਿਖੇ ਜਥੇਬੰਦੀ ਦੀ ਹੋਈ ਮੀਟਿੰਗ ਵਿੱਚ ਇਹ ਨਾਜਾਇਜ਼ ਭੇਜੇ ਬਿਜਲੀ ਬਿੱਲ ਰੱਦ ਕਰਨ ਦੀ ਮੰਗ ਕੀਤੀ ਗਈ।
ਰੋਸ ਮੁਜ਼ਾਹਰੇ ’ਚ ਮਜ਼ਦੂਰ ਔਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਇਲਾਕਾ ਪ੍ਰਧਾਨ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਨਾਜਾਇਜ਼ ਬਿੱਲਾਂ ਨੂੰ ਠੀਕ ਕਰਨ ਦੀ ਬਜਾਏ ਐੱਸਡੀਓ ਵੱਲੋਂ ਮਜ਼ਦੂਰਾਂ ਨੂੰ ਬਿਜਲੀ ਬਿੱਲ ਭਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਬਿੱਲ ਨਾ ਭਰਨ ’ਤੇ ਮਜ਼ਦੂਰਾਂ ਦੇ ਕੁਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਵਰਕੌਮ ਅਧਿਕਾਰੀ ਦੇ ਅਜਿਹੇ ਵਤੀਰੇ ਤੋਂ ਪਿੰਡਾਂ ਦੇ ਦਲਿਤ ਪੇਂਡੂ ਮਜ਼ਦੂਰਾਂ ’ਚ ਨਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਦਲਿਤ ਮਜ਼ਦੂਰਾਂ ਨੂੰ ਪਾਵਰਕੌਮ ਵਲੋਂ ਭੇਜੇ ਬਿਜਲੀ ਬਿੱਲਾਂ ਦੀ ਪਿਛਲੇ ਸਾਲ ਪੜਚੋਲ ਕਰਨ ’ਤੇ ਪਤਾ ਲੱਗਿਆ ਸੀ ਕਿ ਦਲਿਤ ਗਰੀਬ ਪਰਿਵਾਰਾਂ ਦੇ ਬਿਜਲੀ ਬਿੱਲ ਐੱਸਸੀ ਕੈਟਾਗਰੀ ’ਚੋਂ ਕੱਢ ਕੇ ਜਨਰਲ ਕੈਟਾਗਰੀ ’ਚ ਪਾਏ ਗਏ ਹਨ‌। ਇਸੇ ਕਾਰਨ ਦਿਹਾੜੀਦਾਰ ਗਰੀਬ ਦਲਿਤ ਪਰਿਵਾਰਾਂ ਨੂੰ ਪਾਵਰਕੌਮ ਵਲੋਂ ਮੁਆਫ਼ ਕੀਤੀਆਂ ਯੂਨਿਟਾਂ ਦੇ ਵੀ ਪੈਸੇ ਪਾ ਕੇ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਭੇਜੇ ਗਏ ਹਨ।
ਇਸ ਸਬੰਧੀ ਉਸ ਵੇਲੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਇਸ ਵਧੀਕੀ ਵਿਰੁੱਧ ਸੰਘਰਸ਼ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਲਿਤ ਵਰਗ ਦੀ ਕੱਟੀ ਬਿਜਲੀ ਬਿੱਲ ਮਾਫ਼ੀ ਬਹਾਲ ਕਰਕੇ ਨਾਜਾਇਜ਼ ਆਏ ਬਿਜਲੀ ਬਿੱਲਾਂ ਦੇ ਬਕਾਏ ਰੱਦ ਕਰਨ ਦਾ ਭਰੋਸਾ ਦਿੱਤਾ ਸੀ। ਵਿੱਤ ਮੰਤਰੀ ਦੇ ਭਰੋਸੇ ਤੋਂ ਬਾਅਦ ਦਲਿਤ ਪਰਿਵਾਰਾਂ ਦੀ ਕੱਟੀ ਬਿਜਲੀ ਬਿੱਲ ਮਾਫ਼ੀ ਤਾਂ ਭਾਵੇਂ ਮੁੜ ਬਹਾਲ ਕਰ ਦਿੱਤੀ ਗਈ ਹੈ ਪਰ ਦਲਿਤ ਮਜ਼ਦੂਰਾਂ ਨੂੰ ਭੇਜੇ ਨਾਜਾਇਜ਼ ਬਿਜਲੀ ਬਿੱਲਾਂ ਦੇ ਬਕਾਇਆ ਦਾ ਮਾਮਲਾ ਜਿਉਂ ਦਾ ਤਿਉਂ ਹੀ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦਲਿਤ ਮਜ਼ਦੂਰਾਂ ਨੂੰ ਭੇਜੇ ਨਾਜਾਇਜ਼ ਬਿਜਲੀ ਬਿੱਲਾਂ ਦੇ ਬਕਾਇਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਜਸਵੀਰ ਕੌਰ, ਮਨਜੀਤ ਕੌਰ, ਜੀਤੋ ਕੌਰ, ਕੁਲਦੀਪ ਕੌਰ, ਗੋਗੀ ਕੌਰ, ਰਮਨਦੀਪ ਕੌਰ, ਘੁੱਕਾ ਸਿੰਘ, ਹਾਕਮ ਸਿੰਘ, ਛਿੰਦਾ ਸਿੰਘ, ਕੌਰਾ ਸਿੰਘ, ਭਿੰਦਾ ਸਿੰਘ, ਚਰਨਜੀਤ ਸਿੰਘ, ਮਾਘ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement