For the best experience, open
https://m.punjabitribuneonline.com
on your mobile browser.
Advertisement

ਮੁਸ਼ਕਾਬਾਦ ਦੀ ਬਾਇਓਗੈਸ ਫੈਕਟਰੀ ਖ਼ਿਲਾਫ਼ ਰੋਸ ਮਾਰਚ

10:11 AM May 25, 2024 IST
ਮੁਸ਼ਕਾਬਾਦ ਦੀ ਬਾਇਓਗੈਸ ਫੈਕਟਰੀ ਖ਼ਿਲਾਫ਼ ਰੋਸ ਮਾਰਚ
ਐੱਸਡੀਐੱਮ ਦਫ਼ਤਰ ਸਾਹਮਣੇ ਰੋਸ ਜ਼ਾਹਰ ਕਰਦੇ ਹੋਏ ਲੋਕ।
Advertisement

ਸਮਰਾਲਾ (ਡੀਪੀਐੱਸ ਬਤਰਾ):

Advertisement

ਪਿੰਡ ਮੁਸ਼ਕਾਬਾਦ ਵਿਚ ਲਗਾਈ ਜਾ ਰਹੀ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਕਹਿਰ ਦੀ ਗਰਮੀ ਵਿਚ ਵੀ ਧਰਨਾ ਜਾਰੀ ਹੈ। ਪਿਛਲੇ 20 ਦਿਨਾਂ ਤੋਂ ਫੈਕਟਰੀ ਅੱਗੇ ਪੱਕਾ ਧਰਨਾ ਲਗਾ ਕੇ ਬੈਠੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਅੱਜ ਰੋਸ ਜਤਾਇਆ। ਸਰਕਾਰ ਤੇ ਪ੍ਰਸ਼ਾਸਨ ਅੱਗੇ ਕੋਈ ਸੁਣਵਾਈ ਨਾ ਹੁੰਦੀ ਵੇਖ ਇਹ ਧਰਨਾਕਾਰੀ ਅੱਜ ਟਰੈਕਟਰ-ਟਰਾਲੀਆਂ ’ਤੇ ਪਰਿਵਾਰਾਂ ਸਮੇਤ ਰੋਸ ਮਾਰਚ ਕਰਦੇ ਹੋਏ ਸਥਾਨਕ ਐੱਸ.ਡੀ.ਐੱਮ. ਦਫ਼ਤਰ ਪਹੁੰਚੇ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਉਹ ਫੈਕਟਰੀ ਤੋਂ ਪੈਦਾ ਹੋਣ ਵਾਲੀਆਂ ਮਾਰੂ ਗੈਸਾਂ ਤੋਂ ਬਚਾਓ ਕਰਕੇ ਤੰਦਰੁਸਤੀ ਨਾਲ ਜਿਉਣ ਦਾ ਹੱਕ ਹੀ ਤਾਂ ਮੰਗ ਰਹੇ ਹਨ, ਪਰ ਉਸ ਲਈ ਵੀ ਲੜਾਈ ਲੜਨੀ ਪੈ ਰਹੀ ਹੈ। ਰੋਸ ਧਰਨੇ ਦੀ ਹਮਾਇਤ ਲਈ ਪੁੱਜੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ’ਚ ਲਗਾਏ ਜਾ ਰਹੇ ਅਜਿਹੇ 45 ਬਾਇਓਗੈਸ ਪਲਾਂਟਾਂ ਨੂੰ ਲੋਕਾਂ ਦੀ ਸਿਹਤ ਲਈ ਖਤਰਨਾਕ ਦੱਸਦਿਆਂ ਇਨ੍ਹਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗਰੀਨ ਐਨਰਜੀ ਦੇ ਨਾਂ ’ਤੇ ਬਿਨਾਂ ਸੋਚੇ-ਸਮਝੇ ਅਜਿਹੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਦੇ ਬਾਅਦ ਵਿਚ ਸਿੱਟੇ ਭਿਆਨਕ ਹੋਣਗੇ। ਰਾਜੇਵਾਲ ਨੇ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਬਾਇਓਗੈਸ ਮਾਹਿਰਾਂ ਤੇ ਸਾਇੰਸਦਾਨਾਂ ਤੋਂ ਸਰਕਾਰ ਰਿਪੋਰਟ ਤਿਆਰ ਕਰਵਾਏ ਤਾਂ ਕਿ ਲੋਕਾਂ ਦੇ ਹੱਕ ਵਿਚ ਜਲਦੀ ਫੈਸਲਾ ਲਿਆ ਜਾ ਸਕੇ। ਐੱਸਡੀਐੱਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਗਰਮੀ ਵਿਚ ਔਰਤਾਂ ਅਤੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਧਰਨਾ ਲਾਉਣ ਦੀ ਬਜਾਏ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਨਿਰਪੱਖ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਦੀ ਉਡੀਕ ਕਰਨ। ਫੈਕਟਰੀ ਮਾਲਕ ਵੱਲੋਂ ਇਹ ਮਾਮਲਾ ਅਦਾਲਤ ਵਿਚ ਲਿਜਾਇਆ ਗਿਆ ਹੈ, ਇਸ ਲਈ ਕਮੇਟੀ ਦੀ ਰਿਪੋਰਟ ਅਦਾਲਤ ਅਤੇ ਸਰਕਾਰ ਕੋਲ ਜਾਵੇਗੀ ਅਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

Advertisement

Advertisement
Author Image

joginder kumar

View all posts

Advertisement