ਬਨੂੜ-ਲਾਲੜੂ ਸੜਕ ’ਤੇ ਲੱਗਦੇ ਜਾਮ ਤੋਂ ਪਿੰਡਾਂ ’ਚ ਰੋਸ
ਕਰਮਜੀਤ ਸਿੰਘ ਚਿੱਲਾ
ਬਨੂੜ, 5 ਸਤੰਬਰ
ਸ਼ੰਭੂ ਵਿੱਚ ਚੱਲ ਰਹੇ ਕਿਸਾਨ ਮੋਰਚੇ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਵੱਲੋਂ ਕੌਮੀ ਮਾਰਗ ’ਤੇ ਲਗਾਏ ਬੈਰੀਗੇਡਾਂ ਕਾਰਨ ਬਨੂੜ ਤੋਂ ਲਾਲੜੂ ਨੂੰ ਜਾਣ ਵਾਲੀ ਸੜਕ ’ਤੇ ਪਿਛਲੇ ਲੰਮੇ ਸਮੇਂ ਤੋਂ ਹਰ ਸਮੇਂ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਇਸ ਮਾਰਗ ਉੱਤੇ ਪੈਂਦੇ ਪਿੰਡਾਂ ਦੇ ਵਸਨੀਕ ਕਾਫ਼ੀ ਪ੍ਰੇਸ਼ਾਨ ਹਨ। ਪ੍ਰਸ਼ਾਸਨ ਵੱਲੋਂ ਇੱਥੋਂ ਭਾਰੇ ਵਾਹਨਾਂ ਦੀ ਰੋਕ ਦੇ ਨਿਰਦੇਸ਼ਾਂ ਦੇ ਬਾਵਜੂਦ ਇੱਥੋਂ ਓਵਰਲੋਡ ਟਿੱਪਰ-ਟਰੱਕ ਤੇ ਭਾੜਾ ਢੋਹਣ ਵਾਲੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਪੰਜਾਬ ਤੋਂ ਹਰਿਆਣਾ ਤੋਂ ਦਾਖ਼ਲ ਹੋਣ ਅਤੇ ਬਾਹਰ ਨਿਕਲਣ ਲਈ ਜ਼ੀਰਕਪੁਰ-ਡੇਰਾਬੱਸੀ ਮੁੱਖ ਰਸਤਾ ਹੈ। ਹਾਲਾਂਕਿ, ਅਜ਼ੀਜ਼ਪੁਰ ਤੇ ਦੱਪਰ ਦੋ ਟੌਲ ਪਲਾਜ਼ੇ ਹੋਣ ਕਾਰਨ ਜ਼ਿਆਦਾਤਰ ਵਾਹਨ ਟੌਲ ਬਚਾਉਣ ਲਈ ਬਨੂੜ-ਲਾਲੜੂ ਵਾਇਆ ਮਨੌਲੀ ਸੂਰਤ ਰਾਹੀਂ ਲੰਘਦੇ ਹਨ। ਭਾੜਾ ਢੋਹਣ ਵਾਲੇ ਭਾਰੇ ਵਾਹਨਾਂ ਦੇ ਵੱਡੀ ਮਾਤਰਾ ਵਿੱਚ ਲਾਂਘੇ ਕਾਰਨ ਇਸ ਸੜਕ ਉੱਤੇ ਹਰ ਵੇਲੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ।
ਇਸ ਸੜਕ ’ਤੇ ਪੈਂਦੇ ਪਿੰਡ ਧਰਮਗੜ੍ਹ, ਮਮੌਲੀ, ਮਨੌਲੀ ਸੂਰਤ, ਮੁਠਿਆੜਾਂ, ਨੰਗਲ-ਛੜਬੜ ਆਦਿ ਦੇ ਵਸਨੀਕਾਂ ਨੇ ਕਿਹਾ ਕਿ ਲਾਲੜੂ ਅਤੇ ਬਨੂੜ ਸ਼ਹਿਰਾਂ ਨੂੰ ਸਿੱਧਾ ਜੋੜਨ ਲਈ ਕਰੀਬ ਤਿੰਨ ਦਰਜਨ ਪਿੰਡ ਸਿੱਧੇ ਤੌਰ ’ਤੇ ਜੁੜੇ ਹੋਏ ਹਨ ਤੇ ਲਾਲੜੂ-ਡੇਰਾਬੱਸੀ ਵਿੱਚ ਵੱਡਾ ਉਦਯੋਗਿਕ ਹੱਬ ਹੋਣ ਕਾਰਨ ਹਜ਼ਾਰਾਂ ਮੁਲਾਜ਼ਮ ਉਨ੍ਹਾਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਤਰਤੀਬੇ ਚੱਲਦੇ ਓਵਰਲੋਡ ਵਾਹਨਾਂ ਕਾਰਨ ਰੋਜ਼ਾਨਾ ਹਾਦਸੇ ਵਾਪਰਦੇ ਹਨ। ਪਿੰਡਾਂ ਦੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੈ।
ਪਿੰਡਾਂ ਦੇ ਵਸਨੀਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਇੱਥੋਂ ਭਾਰੀ ਵਾਹਨਾਂ ਦਾ ਦਾਖ਼ਲਾ ਬੰਦ ਨਾ ਹੋਇਆ ਤਾਂ ਜਾਮ ਲਾਇਆ ਜਾਵੇਗਾ।