ਕਾਤਲਾਂ ਦੀ ਗ੍ਰਿਫ਼ਤਾਰੀ ਲਈ ਥਾਣੇ ’ਚ ਧਰਨਾ
ਕਰਨ ਭੀਖੀ
ਭੀਖੀ, 13 ਨਵੰਬਰ
ਬੀਤੇ ਦਿਨੀਂ ਗੁਰਦਾਸ ਸਿੰਘ (30) ਪੁੱਤਰ ਲਾਲ ਸਿੰਘ ਪਿੰਡ ਮੋਹਰ ਸਿੰਘ ਵਾਲਾ ਦਾ ਕਤਲ ਕੀਤਾ ਗਿਆ ਸੀ। ਭੀਖੀ ਪੁਲੀਸ ਨੇ ਉਕਤ ਮਾਮਲੇ ਵਿੱਚ ਕੱਲ੍ਹ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਗੁਰਲਾਲ ਸਿੰਘ ਗੁਰੀ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਰੋਸ ਜਤਾਇਆ ਕਿ ਇਹ ਕਤਲ ਕਿਸੇ ਇੱਕ ਵਿਅਕਤੀ ਵੱਲੋਂ ਨਹੀਂ ਕੀਤਾ ਗਿਆ ਸਗੋਂ ਹੋਰ ਬੰਦੇ ਇਸ ਮਾਮਲੇ ਵਿਚ ਸ਼ਾਮਲ ਹਨ ਇਸ ਪਿੰਡ ਵਾਸੀਆਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਭੀਖੀ ਥਾਣੇ ਵਿੱਚ ਧਰਨਾ ਲਾ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਗੂ ਗੁਰਚਰਨ ਸਿੰਘ ਭੀਖੀ ਨੇ ਧਰਨੇ ਸੰਬੋਧਨ ਨੂੰ ਕਰਦਿਆਂ ਕਿਹਾ ਕਿ ਪੁਲੀਸ ਦੀ ਕਾਰਵਾਈ ਤੋਂ ਪਰਿਵਾਰ ਅਤੇ ਪਿੰਡ ਵਾਸੀ ਸੰਤੁਸ਼ਟ ਨਹੀਂ ਹਨ ਜਿਸ ਕਰਕੇ ਕਤਲ ਮਾਮਲੇ ਦੀ ਪੜਤਾਲ ਪੂਰੀ ਡੂੰਘਾਈ ਨਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਧਰਨੇ ਰਣਨੀਤੀ ਤਿਆਰ ਕਰ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਥਾਣਾ ਮੁਖੀ ਭੀਖੀ ਨੇ ਕਿਹਾ ਕਿ ਪੁਲੀਸ ਕਾਰਵਾਈ ਕਰ ਰਹੀ ਹੈ। ਉਨ੍ਹਾਂ ਧਰਨਾਕਾਰੀਆਂ ਤੋਂ ਸਮਾਂ ਮੰਗਿਆ ਤੇ ਧਰਨਾ ਚੁੱਕਣ ਲਈ ਕਿਹਾ ਪਰ ਪਿੰਡ ਵਾਸੀਆਂ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਥਾਣੇ ਅੰਦਰ ਹੀ ਆਪਣੇ ਬਿਸਤਰੇ ਵਿਛਾ ਲਏ ਹਨ।