ਕਿਸਾਨ ਦੀ ਮੌਤ ਮਗਰੋਂ ਹਸਪਤਾਲ ’ਚ ਰੋਸ ਮੁਜ਼ਾਹਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਫਰਵਰੀ
ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪੁੱਜ ਗਏ। ਉਨ੍ਹਾਂ ਕੇਂਦਰ, ਹਰਿਆਣਾ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਨ੍ਹਾਂ ਕਿਸਾਨ ਆਗੂਆਂ ਵਿਚ ਮੌਜੂਦਾ ਸੰਘਰਸ਼ ਤੋਂ ਬਾਹਰ ਰਹਿ ਰਹੀਆਂ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਾਵੇਂ ਦਿੱਲੀ ਕੂਚ ਦੇ ਪ੍ਰੋਗਰਾਮ ਦਾ ਹਿੱਸਾ ਨਹੀਂ ਹਨ ਪਰ ਸ਼ਹੀਦ ਹੋਇਆ ਕਿਸਾਨ ਸਾਰਿਆਂ ਦਾ ਸਾਂਝਾ ਸੀ। ਇਸ ਕਰਕੇ ਉਸ ਦੀ ਮੌਤ ’ਤੇ ਉਨ੍ਹਾਂ ਨੂੰ ਬੇਹੱਦ ਦੁੱਖ ਹੈ।
ਹਸਪਤਾਲ ’ਚ ਕੀਤੇ ਗਏ ਰੋਸ ਮੁਜ਼ਾਹਰੇ ’ਚ ਸੂਬਾਈ ਕਿਸਾਨ ਆਗੂ ਰਮਿੰਦਰ ਪਟਿਆਲਾ, ਗੁਰਮੀਤ ਦਿੱਤੂਪੁਰ, ਕੁਲਵੰਤ ਮੌਲਵੀਵਾਲ਼ਾ, ਅਵਤਾਰ ਕੌਰਜੀਵਾਲ਼ਾ, ਜਸਦੇਵ ਨੂਗੀ, ਹਰਦੀਪ ਸੇਹਰਾ, ਰਾਣਾ ਨਿਰਮਾਣ, ਧੰਨਾ ਸਿੰਘ ਸਿਓਣਾ ਕਈ ਹੋਰ ਆਗੂ ਸ਼ਾਮਲ ਸਨ। ਇਸ ਮੌਕੇ ਹੀ ਮ੍ਰਿਤਕ ਕਿਸਾਨ ਦੇ ਪਿੰਡ ਬੱਲੋ ਤੋਂ ਵੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਗੁਰਵਿੰਦਰ ਬੱਲੋ ਪੁੱਜੇ ਹੋਏ ਸਨ। ਮੋਰਚਰੀ ਦੇ ਬਾਹਰ ਇਕੱਠੇ ਹੋਏ ਕਿਸਾਨ ਆਗੂਆਂ ਨੇ ਸ਼ੁਭਕਰਨ ਸਿੰਘ ਬੱਲੋ ਨੂੰ ਸ਼ਹੀਦ ਕਰਾਰ ਦਿੰਦਿਆਂ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਉਸ ਦੀ ਮੌਤ ਲਈ ਕੇਂਦਰ ਤੇ ਹਰਿਆਣਾ ਸਣੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱੱਸਦਿਆਂ ਰੋਸ ਪ੍ਰਰਦਸ਼ਨ ਵੀ ਕੀਤਾ। ਲੰਬਾ ਸਮਾਂ ਪੀਐੱਸਯੂ ਦੇ ਸੂਬਾਈ ਪ੍ਰਧਾਨ ਰਹੇ ਤੇ ਹੁਣ ਸੂਬਾਈ ਕਿਸਾਨ ਆਗੂ ਵਜੋਂ ਸਰਗਰਮ ਰਮਿੰਦਰ ਸਿੰਘ ਪਟਿਆਲਾ ਨੇ ਵੀ ਇਸ ਮੌਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਇਸ ਦੌਰਾਨ ਪੁਲੀਸ ਚੌਕੀ ਰਾਜਿੰਦਰਾ ਹਸਪਤਾਲ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਦੀ ਅਗਵਾਈ ਹੇਠ ਮੋਰਚਰੀ ਦੇ ਬਾਹਰ ਪੁਲੀਸ ਤਾਇਨਾਤ ਕੀਤੀ ਹੋਈ ਹੈ।