ਲਖਮੀਰ ਕੇ ਉਤਾੜ ਵਾਸੀਆਂ ਵੱਲੋਂ ਪੋਲਿੰਗ ਬੂਥ ਅੱਗੇ ਧਰਨਾ
ਜਸਵੰਤ ਸਿੰਘ ਥਿੰਦ
ਮਮਦੋਟ, 14 ਅਕਤੂਬਰ
ਬਲਾਕ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ ਦੇ 441 ਵੋਟਰਾਂ ਦੀਆਂ ਵੋਟਾਂ ਕੱਟਣ ਖ਼ਿਲਾਫ਼ ਪਿੰਡ ਵਾਸੀਆਂ ਨੇ ਬੂਥ ਦੇ ਸਾਹਮਣੇ ਪੱਕੇ ਤੌਰ ’ਤੇ ਧਰਨਾ ਲਗਾ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਪਿੰਡ ਵਾਸੀ ਪਰਵਿੰਦਰ ਸਿੰਘ, ਬਲਵੀਰ ਸਿੰਘ, ਬਚਨ ਸਿੰਘ, ਜੋਗਿੰਦਰ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਜਸਪਾਲ ਸਿੰਘ, ਗੁਰਮੇਲ ਸਿੰਘ, ਹੀਰਾ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ 2018 ਦੀਆਂ ਪੰਚਾਇਤੀ ਚੋਣਾਂ ਸਮੇਂ ਪਿੰਡ ਦੀਆਂ 441 ਵੋਟਾਂ ਕੱਟੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਵੋਟਾਂ ਪੋਲ ਹੋਈਆਂ ਸਨ ਪਰ ਹੁਣ ਪ੍ਰਸ਼ਾਸਨ ਵੱਲੋਂ 153 ਵੋਟਾਂ ’ਤੇ ਸਰਪੰਚੀ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜੋ ਪਿੰਡ ਵਾਸੀਆਂ ਨਾਲ ਬਹੁਤ ਵੱਡਾ ਧੱਕਾ ਹੈ।
ਕਰੀਬ ਦੋ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਇਸੇ ਬੂਥ ’ਤੇ ਵੋਟਾਂ ਪੋਲ ਹੋਈਆਂ ਸਨ ਪਰ ਪੰਚਾਇਤੀ ਚੋਣਾਂ ਦੀ ਜਾਰੀ ਕੀਤੀ ਗਈ ਵੋਟਰ ਸੂਚੀ ਤੋਂ ਪਤਾ ਲੱਗਿਆ ਹੈ 441 ਦੇ ਕਰੀਬ ਵੋਟਾਂ ਸੂਚੀ ਵਿੱਚ ਨਹੀਂ ਹਨ। ਪਿੰਡ ਵਾਸੀਆਂ ਨੇ ਏਡੀਸੀ ਫਿਰੋਜ਼ਪੁਰ ਨੂੰ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤੀ ਚੋਣ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਖੁਸ਼ਹਾਲ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਨੇ 11 ਜਨਵਰੀ, 2024 ਨੂੰ ਪੰਜਾਬ ਚੋਣ ਕਮਿਸ਼ਨ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਦੀਆਂ ਵੋਟਾਂ ਵੋਟਰ ਸੂਚੀ ਵਿੱਚ ਸ਼ਾਮਲ ਕੀਤੀਆਂ ਜਾਣ ਜਿਸ ’ਤੇ ਕਾਰਵਾਈ ਕਰਦਿਆਂ ਰਾਜ ਚੋਣ ਕਮਿਸ਼ਨ ਨੇ ਪ੍ਰਸ਼ਾਸਨ ਨੂੰ ਪੰਜ ਦਿਨਾਂ ਦੇ ਅੰਦਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿਸ ’ਤੇ ਅਦਾਲਤ ਨੇ 7 ਫਰਵਰੀ, 2024 ਜਾਰੀ ਕੀਤੇ ਹੁਕਮ ਵਿੱਚ ਚਾਰ ਹਫ਼ਤਿਆਂ ਵਿੱਚ ਫ਼ੈਸਲਾ ਕਰਨ ਲਈ ਕਿਹਾ ਸੀ ਪਰ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਅਣਗੌਲਿਆਂ ਕਰਦਿਆਂ 441 ਵੋਟਾਂ ਬਹਾਲ ਨਹੀਂ ਕੀਤੀਆਂ। ਸੈਂਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਏ ਵੋਟਰਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਸ਼ਾਮਲ ਹਨ, ਨੇ ਪਿੰਡ ਲਖਮੀਰ ਕੇ ਉਤਾੜ ਦੇ ਸਕੂਲ ’ਚ ਬਣਨ ਵਾਲੇ ਪੋਲਿੰਗ ਬੂਥ ਦੇ ਸਾਹਮਣੇ ਪੱਕੇ ਤੌਰ ’ਤੇ ਧਰਨਾ ਲਗਾਇਆ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਪ੍ਰਸ਼ਾਸਨ ਉਨ੍ਹਾਂ ਦੀਆਂ ਵੋਟਾਂ ਪੋਲ ਨਹੀਂ ਕਰਵਾਉਂਦਾ ਉਹ ਧਰਨਾ ਨਹੀਂ ਚੁੱਕਣਗੇ ਅਤੇ ਨਾ ਹੀ ਚੋਣਾਂ ਹੋਣ ਦਿੱਤੀਆਂ ਜਾਣਗੀਆਂ।
ਐੱਸਡੀਐੱਮ ਵੋਟਰਾਂ ਨਾਲ ਕਰਨਗੇ ਗੱਲਬਾਤ
ਨਾਇਬ ਤਹਿਸੀਲਦਾਰ ਜਗਤਾਰ ਸਿੰਘ ਫਿਰੋਜ਼ਪੁਰ ਨੇ ਕਿਹਾ ਕਿ ਐੱਸਡੀਐੱਮ ਫਿਰੋਜ਼ਪੁਰ ਨੂੰ ਮਾਮਲੇ ਬਾਰੇ ਦੱਸ ਦਿੱਤਾ ਗਿਆ ਤੇ ਉਹ ਮੌਕੇ ’ਤੇ ਪਹੁੰਚ ਕੇ ਵੋਟਰਾਂ ਦੀ ਗੱਲਬਾਤ ਸੁਣਨਗੇੇ।