ਦਰਖ਼ਾਸਤ ਅਣਗੌਲਿਆਂ ਕਰਨ ’ਤੇ ਥਾਣੇ ਅੱਗੇ ਧਰਨਾ
ਪੱਤਰ ਪ੍ਰੇਰਕ
ਜਲੰਧਰ, 26 ਅਕਤੂਬਰ
ਆਮ ਆਦਮੀ ਪਾਰਟੀ ਦੀ ਵਾਲੰਟੀਅਰ ਕਮਲਜੀਤ ਕੌਰ ਜਿਹੜੀ ਪਿੰਡ ਮੱਲਵਾਲ ਤੋਂ ਸਰਪੰਚੀ ਦੀ ਉਮੀਦਵਾਰ ਦੇ ਪਿੰਡ ਵਿੱਚ ਲਾਏ ਗਏ ਪੋਸਟਰਾਂ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਕਾਲਖ਼ ਪੋਚਣ ਅਤੇ ਉਸ ਦੇ ਘਰ ਅੱਗੇ ਹੁੱਲੜਬਾਜ਼ੀ ਕਰਨ ਵਿਰੁੱਧ ਥਾਣਾ ਮਹਿਤਪੁਰ ਵਿੱਚ ਦਿੱਤੀ ਗਈ ਦਰਖਾਸਤ ਨੂੰ ਪੁਲੀਸ ਵੱਲੋਂ ਅਣਗੌਲਿਆ ਕਰਨ ਵਿਰੁੱਧ ਅੱਜ ਮਹਿਤਪੁਰ ਥਾਣੇ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ‘ਆਪ’ ਵਰਕਰ ਅਤੇ ਆਗੂ ਸ਼ਾਮਲ ਸਨ। ਇਸ ਮੌਕੇ ਬੁਲਾਰਿਆਂ ਨੇ ਪੁਲੀਸ ਦੀ ਆਲੋਚਨਾ ਕੀਤੀ। ਮੌਕੇ ’ਤੇ ਪਹੁੰਚੇ ਡੀਐਸਪੀ ਸ਼ਾਹਕੋਟ ਓੰਕਾਰ ਸਿੰਘ ਬਰਾੜ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ਵਿੱਚ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਮੌਕੇ ’ਤੇ ਕਈ ਆਗੂਆਂ ਨੇ ਡੀਐੱਸਪੀ ਅੱਗੇ ਲੰਮੇ ਸਮੇਂ ਤੋਂ ਪਈਆਂ ਦਰਖਾਸਤਾਂ ’ਤੇ ਸੁਣਵਾਈ ਨਾ ਹੋਣ ’ਤੇ ਰੋਸ ਪ੍ਰਗਟਾਇਆ। ਇਸ ਮੌਕੇ ਨਿਰਮਲ ਸਿੰਘ ਬਲਾਕ ਪ੍ਰਧਾਨ, ਵਾਈਸ ਪ੍ਰਧਾਨ ਯੂਥ ਵਿੰਗ ਰਜਿੰਦਰ ਸਿੰਘ ਭੁੱਲਰ, ਕਿਸ਼ਨ ਕੁਮਾਰ ਬਿੱਟੂ, ਨਿਰਮਲ ਕੌਰ ਪ੍ਰਧਾਨ, ਕਮਲਜੀਤ ਕੌਰ, ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ , ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਕੌਰ ਮਾਨ, ਬਹਾਦਰ ਸਿੰਘ ਹਾਜ਼ਰ ਸਨ।