ਮਾਲਵਿੰਦਰ ਮਾਲੀ ਦੀ ਰਿਹਾਈ ਲਈ 29 ਨੂੰ ਜੇਲ੍ਹ ਅੱਗੇ ਮੁਜ਼ਾਹਰਾ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਰਾਜਸੀ ਵਿਸ਼ਲੇਸ਼ਕ, ਬੁੱਧੀਜੀਵੀ ਅਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਯਕੀਨੀ ਬਣਾਉਣ ਲਈ ਸਿਵਿਲ ਸੁਸਾਇਟੀ ਜਥੇਬੰਦੀਆਂ ਵੱਲੋਂ 29 ਸਤੰਬਰ ਨੂੰ ਪਟਿਆਲਾ ਜੇਲ੍ਹ ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮਨੁੱਖੀ ਅਧਿਕਾਰਾਂ ਦੇ ਹਾਮੀ ਅਤੇ ਵਿਦਵਾਨ ਡਾ. ਪਿਆਰੇ ਲਾਲ ਗਰਗ ਨੇ ਦੱਸਿਆ ਕਿ ਇਸ ਰੋਸ ਮੁਜਾਹਰੇ ’ਚ ਸਮੂਹ ਇਨਸਾਫ ਅਤੇ ਜਮਹੂਰੀਅਤ ਪਸੰਦ ਅਤੇ ਬੋਲਣ ਦੀ ਅਜ਼ਾਦੀ ਦੀਆਂ ਝੰਡਾ ਬਰਦਾਰ ਜਥੇਬੰਦੀਆਂ ਸਮੇਤ ਹੋਰ ਉਸਾਰੂ ਪਹੁੰਚ ਰੱਖਦੀਆਂ ਜਥੇਬੰਦੀਆਂ ਅਤੇ ਆਗੂਆਗੂ, ਵਰਕਰ ਅਤੇ ਆਮ ਲੋਕ ਵੱਡੀ ਗਿਣਤੀ ’ਚ ਸ਼ਿਰਕਤ ਕਰਨਗੇ।
ਉਨ੍ਹਾਂ ਦਾ ਕਹਿਣਾ ਸੀ ਕਿ ਮਾਲੀ ਦੇ ਖ਼ਿਲਾਫ਼ ਪਾਇਆ ਇਹ ਕੇਸ ਖਾਰਿਜ ਕਰਵਾਓਣਾ ਜ਼ਰੂਰੀ ਹੈ। ਕਿਉਂਕਿ ਜੇਕਰ ਅੱਜ ਲੋਕ ਨਾ ਬੇਲੇ ਤਾਂ ਇਹ ਹਕੂਮਤਾਂ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਵੀ ਖੋਹ ਲੈਣਗੇ। ਇਸ ਲਈ ਇਸ ਕੇਸ ਨੂੰ ਖਾਰਿਜ ਕਰਵਾਉਣ ਅਤੇ ਪਟਿਆਲਾ ਜੇਲ੍ਹ ਵਿੱਚ ਬੰਦ ਲੋਕਾਂ ਦੀ ਆਵਾਜ ਉਠਾਓਣ ਵਾਲ਼ੇ ਇਸ ਬੁਲਾਰੇ ਦੇ ਹੱਕਾਂ ਦੀ ਰਾਖੀ ਲਈ ਸਾਰੀਆਂ ਇਨਸਾਫ ਅਤੇ ਜਮਹੂਰੀਅਤ ਪਸੰਦ ਅਤੇ ਬੋਲਣ ਦੀ ਅਜ਼ਾਦੀ ਦੀਆਂ ਝੰਡਾ ਬਰਦਾਰ ਜਥੇਬੰਦੀਆਂ, ਵਿਅਕਤੀਆਂ ਤੇ ਵਿਦਿਆਰਥੀਆਂ ਸਮੇਤ ਹੋਰ ਮਾਈ ਭਾਈ ਨੂੰ 29 ਸਤੰਬਰ ਨੂੰ 11 ਵਜੇ ਹੋਣ ਵਾਲ਼ੇ ਇਸ ਰੋਸ ਮੁਜ਼ਾਹਰਾ ’ਚ ਸ਼ਾਮਲ ਹੋਣ ਦਾ ਖੁੱਲ੍ਹਾ ਸਦਾ ਦਿਤਾ ਜਾਂਦਾ ਹੈ।