ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜਨਵਰੀ
ਗੌਰਮਿੰਟ ਟੀਚਰਜ਼ ਯੂਨੀਅਨ ਦੀ ਸੰਗਰੂਰ ਅਤੇ ਮੁਕਤਸਰ ਸਾਹਿਬ ਜ਼ਿਲ੍ਹਾ ਇਕਾਈ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਦੇਵੀ ਦਿਆਲ, ਬਿਕਰਮਜੀਤ ਸਿੰਘ, ਫਕੀਰ ਸਿੰਘ ਟਿੱਬਾ ਅਤੇ ਬਲਦੇਵ ਸਿੰਘ ਮੁਕਤਸਰ ਨੇ ਦੋਸ਼ ਲਾਇਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਹੱਕ ਮੰਗਦੇ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ ਸਗੋਂ ਦੀ ਹੱਕ ਮੰਗਦੇ ਲੋਕਾਂ ਨੂੰ ਲਾਰੇ ਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਲਗਭਗ ਚਾਰ ਮਹੀਨਿਆਂ ਤੋਂ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਹਨ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੇ ਸਰਕਾਰ ਤੋਂ ਅੱਕ ਕੇ ਮਰਨ ਵਰਤ ਦਾ ਫੈਸਲਾ ਲੈ ਲਿਆ ਹੈ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਲਕੇ 7 ਜਨਵਰੀ ਨੂੰ ਕੈਬਨਟ ਸਬ-ਕਮੇਟੀ ਨਾਲ ਹੋ ਰਹੀ ਕੰਪਿਊਟਰ ਅਧਿਆਪਕਾਂ ਦੀ ਮੀਟਿੰਗ ਵਿੱਚ ਮੰਗਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬੱਗਾ ਸਿੰਘ, ਜੁਝਾਰ ਸਿੰਘ ਉਭਾਵਾਲ ਜਗਰੂਪ ਸਿੰਘ ਉਪਲੀ, ਲਖਵੀਰ ਸਿੰਘ ਸੋਹੀ, ਬਲਦੇਵ ਸਿੰਘ ਬਡਰੁੱਖਾਂ, ਪ੍ਰਿੰਸ ਸਿੰਗਲਾ, ਗੁਰਦੀਪ ਝਨੇੜੀ, ਸੀਆ ਰਾਮ, ਕਮਲਜੀਤ ਸਿੰਘ, ਨਿਰਮਲ ਪਲ਼ਾਸੌਰ, ਹੇਮੰਤ ਕੁਮਾਰ, ਮਾਲਵਿੰਦਰ ਸੰਧੂ, ਹਰਵਿੰਦਰ ਸਿੰਘ ਅਤੇ ਨਿਰਦੀਪ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਅਧਿਆਪਕਾਵਾਂ ਮੌਜੂਦ ਸਨ।
ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਜਾਰੀ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਤਹਿਤ ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ ਰਿਹਾ ਜਦੋਂ ਕਿ ਲੜੀਵਾਰ ਭੁੱਖ ਹੜਤਾਲ ਵੀ 128 ਦਿਨਾਂ ਤੋਂ ਚੱਲ ਰਹੀ ਹੈ। ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਜਿਸ ਨੂੰ ਮਰਨ ਵਰਤ ਦੇ 12ਵੇਂ ਦਿਨ ਪੁਲੀਸ ਵਲੋਂ ਸੰਗਰੂਰ ਤੋਂ ਚੁੱਕ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾ ਦਿੱਤਾ ਸੀ, ਵਲੋਂ 16ਵੇਂ ਦਿਨ ਇਲਾਜ ਦੌਰਾਨ ਵੀ ਮਰਨ ਵਰਤ ਜਾਰੀ ਹੈ ਜਦੋਂ ਕਿ ਸੰਗਰੂਰ ’ਚ ਕੰਪਿਊਟਰ ਅਧਿਆਪਕ ਰਣਜੀਤ ਸਿੰਘ ਪਟਿਆਲਾ ਦਾ ਮਰਨ ਵਰਤ ਵੀ ਚੌਥੇ ਦਿਨ ਵਿਚ ਦਾਖਲ ਹੋ ਗਿਆ। ਕੰਪਿਊਟਰ ਅਧਿਆਪਕ ਰੈਗੂਲਰ ਆਰਡਰਾਂ ਵਿਚ ਦਰਜ ਸਾਰੇ ਲਾਭ ਬਹਾਲ ਕਰਕੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿਚ ਮਰਜ ਕਰਨ, ਛੇਵੇਂ ਪੇਅ ਕਮਿਸ਼ਨ ਦਾ ਲਾਭ ਦੇਣ, ਨਵੇਂ ਬਣਾਏ ਸੀਐਸਆਰ ਨਿਯਮਾਂ ਨੂੰ ਤੁਰੰਤ ਰੱਦ ਕਰਨ ਆਦਿ ਮੰਗਾਂ ਲਈ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਇਥੇ ਡੀਸੀ ਦਫ਼ਤਰ ਅੱਗੇ ਸੰਘਰਸ਼ ’ਤੇ ਡਟੇ ਹੋਏ ਹਨ। ਅੱਜ ਲੜੀਵਾਰ ਭੁੱਖ ਹੜਤਾਲ ਦੇ 128ਵੇਂ ਅਤੇ ਮਰਨ ਵਰਤ ਦੇ 16ਵੇਂ ਦਿਨ ਸੰਗਰੂਰ ਮੋਰਚੇ ਵਿਚ ਜ਼ਿਲ੍ਹਾ ਜਲੰਧਰ, ਗੁਰਦਾਸਪੁਰ, ਤਰਨਤਾਰਨ, ਫਰੀਦਕੋਟ ਅਤੇ ਫਾਜ਼ਿਲਕਾ ਤੋਂ ਵੱਡੀ ਤਾਦਾਦ ’ਚ ਕੰੰਪਿਊਟਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਵੱਖ-ਵੱਖ ਆਗੂਆਂ ਵਲੋਂ ਕੰਪਿਊਟਰ ਅਧਿਆਪਕਾਂ ਪ੍ਰਤੀ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਆਲੋਚਨਾ ਕੀਤੀ ਗਈ। ਧਰਨੇ ਨੂੰ ਡੀਟੀਐੱਫ਼ ਦੇ ਆਗੂ ਜਗਪਾਲ ਸਿੰਘ ਬੰਗੀ, ਜੀਟੀਯੂ ਦੇ ਮੁਕਤਸਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦੇਵੀ ਦਿਆਲ ਤੇ ਸੁਬਾਰਡੀਨੇਟ ਫੈਡਰੇਸ਼ਨ ਦੇ ਸੂਬਾ ਆਗੂ ਫਕੀਰ ਸਿੰਘ ਟਿੱਬਾ ਨੇ ਸੰਬੋਧਨ ਕੀਤਾ।