ਲੰਡਨ ’ਚ ਜੱਗੀ ਜੌਹਲ ਦੇ ਹੱਕ ਵਿਚ ਰੋਸ ਮੁਜ਼ਾਹਰਾ
ਪਾਲ ਸਿੰਘ ਨੌਲੀ
ਜਲੰਧਰ, 20 ਅਗਸਤ
ਜਲੰਧਰ ਦੇ ਰਾਮਾਮੰਡੀ ਇਲਾਕੇ ਵਿਚੋਂ ਤਿੰਨ ਸਾਲ ਪਹਿਲਾਂ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਇੰਗਲੈਂਡ ਦੇ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਅੱਜ ਸਿੱਖ ਸੰਗਤ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਘਰ ਦੇ ਬਾਹਰ ਡਾਊਨਿੰਗ ਸਟਰੀਟ ਲੰਡਨ ਵਿਚ ਰੋਸ ਵਿਖਾਵਾ ਕੀਤਾ। ਜੱਗੀ ਜੌਹਲ ਜਲੰਧਰ ਦੇ ਕਸਬਾ ਜੰਡਿਆਲਾ ਮੰਜਕੀ ਦਾ ਵਸਨੀਕ ਹੈ ਤੇ ਅਕਤੂਬਰ 2017 ਵਿਚ ਵਿਆਹ ਕਰਵਾਉਣ ਲਈ ਭਾਰਤ ਆਇਆ ਸੀ। ਵਿਆਹ ਤੋਂ ਇਕ ਹਫ਼ਤੇ ਬਾਅਦ ਹੀ ਪੰਜਾਬ ਪੁਲੀਸ ਨੇ ਉਸ ਨੂੰ ਚੁੱਕ ਲਿਆ ਸੀ। ਇੰਗਲੈਂਡ ਦੇ 100 ਦੇ ਕਰੀਬ ਐੱਮਪੀਜ਼ ਨੇ ਉਸ ਦੀ ਰਿਹਾਈ ਲਈ ਆਵਾਜ਼ ਉਠਾਈ ਸੀ। ਜੱਗੀ ਜੌਹਲ ’ਤੇ ਪੁਲੀਸ ਨੇ 10 ਦੇ ਕਰੀਬ ਕੇਸ ਪਾਏ ਹਨ ਤੇ ਕਈਆਂ ਵਿਚੋਂ ਉਹ ਬਰੀ ਵੀ ਹੋ ਗਿਆ ਹੈ।
ਵਰ੍ਹਦੇ ਮੀਂਹ ਵਿਚ ਰੋਸ ਵਿਖਾਵਾ ਕਰ ਰਹੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਅਪੀਲ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕੂਟਨੀਤਿਕ ਦਬਾਅ ਬਣਾ ਕੇ ਜਗਤਾਰ ਸਿੰਘ ਜੌਹਲ ਦੀ ਰਿਹਾਈ ਯਕੀਨੀ ਬਣਾਉਣ। ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਯੂ.ਕੇ. ਸਰਕਾਰ ਨੇ ਜੱਗੀ ਜੌਹਲ ਦੀ ਰਿਹਾਈ ਲਈ ਠੋਸ ਕਾਰਵਾਈ ਨਹੀਂ ਕੀਤੀ। ਸਿੱਖ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਨੇ ਜੱਗੀ ਜੌਹਲ ਨੂੰ ਰਿਹਾਅ ਕਰਵਾ ਕੇ ਊਸ ਦੇ ਪਰਿਵਾਰ ਨਾਲ ਮਿਲਾਉਣ ਦੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ।
ਰੋਸ ਮੁਜ਼ਾਹਰੇ ਨੂੰ ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ, ਫੈਡਰੇਸ਼ਨ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਅਮਰੀਕ ਸਿੰਘ ਗਿੱਲ, ਭਾਈ ਸ਼ਮਸ਼ੇਰ ਸਿੰਘ, ਭਾਈ ਦੀਪਾ ਸਿੰਘ, ਭਾਈ ਰਾਜਮਨਵਿੰਦਰ ਸਿੰਘ ਕੰਗ ਆਦਿ ਨੇ ਸੰਬੋਧਨ ਕੀਤਾ।