ਟੁੱਟੀਆਂ ਸੜਕਾਂ ਦੇ ਨਿਰਮਾਣ ਲਈ ਧਰਨਾ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 5 ਜੁਲਾਈ
ਇਥੋਂ ਦੀ ਅਨਾਜ ਮੰਡੀ ਦੀਆਂ ਟੁੱਟੀਆਂ ਸੜਕਾਂ ਦੀ ਉਸਾਰੀ ਲਈ ਕਾਂਗਰਸੀਆਂ ਵੱਲੋਂ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦਾਣਾ ਮੰਡੀ ਸਥਿਤ ਸੰਤ ਕਰੀਬ ਚੌਕ ਤੋਂ ਸੀ ਬਲਾਕ ਤੇ ਸੀ ਬਲਾਕ ਤੋਂ ਸਰਕਾਰੀ ਹਸਪਤਾਲ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ਲਈ ਆੜ੍ਹਤੀ ਐਸੋਸੀਏਸ਼ਨ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਅਣਗੌਲਿਆਂ ਕਰਦਾ ਆ ਰਿਹਾ ਸੀ। ਬੀਤੇ ਦਿਨੀਂ ਆੜ੍ਹਤੀ ਐਸੋਸੀਏਸ਼ਨ ਨੇ ਫੰਡ ਇਕੱਠਾ ਕਰਕੇ ਇਨ੍ਹਾਂ ਸੜਕਾਂ ਦਾ ਨਿਰਮਾਣ ਕੀਤੇ ਜਾਣ ਦਾ ਐਲਾਨ ਕੀਤਾ ਤੇ ਇਨ੍ਹਾਂ ਸੜਕਾਂ ਤੋਂ ਲੰਘਣ ਵਾਲੇ ਵੀਆਈਪੀ ਲੋਕਾਂ ਲਈ ਟੌਲ ਟੈਕਸ ਵਸੂਲੇ ਜਾਣ ਦਾ ਐਲਾਨ ਕੀਤਾ। ਇਸ ਮਗਰੋਂ ਕਾਂਗਰਸੀਆਂ ਨੇ ਸੜਕ ਦੇ ਨਿਰਮਾਣ ਦੀ ਮੰਗ ਕਰਦਿਆਂ ਅੱਜ ਗਿਆਰਾਂ ਵਜੇ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਕਿ ਕਾਂਗਰਸੀ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਧਰਨਾ ਦੇਣ ਲਈ ਮਿੱਥੀ ਥਾਂ ’ਤੇ ਜਾਂਦੇ, ਉਸ ਤੋਂ ਪਹਿਲਾਂ ਭਾਜਪਾ ਆਗੂ ਗੋਬਿੰਦ ਕਾਂਡਾ ਨੇ ਆਪਣੇ ਕੁਝ ਸਾਥੀਆਂ ਨਾਲ ਤੜਕੇ ਹੀ ਟੁੱਟੀ ਸੜਕ ’ਤੇ ਜਾ ਕੇ ਨਾਰੀਅਲ ਤੋੜ ਕੇ ਸੜਕ ਦੇ ਨਿਰਮਾਣ ਦਾ ਐਲਾਨ ਕਰ ਦਿੱਤਾ ਤੇ ਕੁਝ ਟਰੈਕਟਰ ਟਰਾਲੀਆਂ ਸੜਕ ’ਤੇ ਮਿੱਟੀ ਪਾਉਣ ਲਈ ਸ਼ੁਰੂ ਕਰਵਾ ਦਿੱਤੀਆਂ। ਇਸ ਮਗਰੋਂ ਕਾਂਗਰਸੀਆਂ ਨੇ ਆਪਣੇ ਮਿੱਥੇ ਪ੍ਰੋਗਰਾਮ ਦੇ ਤਹਿਤ ਸੜਕ ਕੰਢੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ’ਤੇ ਕਾਂਗਰਸੀ ਆਗੂ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਟੁੱਟੀਆਂ ਸੜਕਾਂ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੁੱਟੀਆਂ ਸੜਕਾਂ ਕਾਰਨ ਕਈ ਸੜਕੀਂ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਪਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨੀਂਦ ਨਹੀਂ ਖੁੱਲ੍ਹੀ। ਹੁਣ ਜਦੋਂ ਸੜਕਾਂ ਨੂੰ ਲੈ ਕੇ ਲੋਕਾਂ ਵਿੱਚ ਰੋਹ ਵੱਧ ਗਿਆ ਤਾਂ ਭਾਜਪਾ ਆਗੂ ਨੇ ਸੜਕ ਬਣਾਉਣ ਦਾ ਮਜਬੂਰੀ ਵਿੱਚ ਐਲਾਨ ਕੀਤਾ।
ਇਸ ਮੌਕੇ ਆਨੰਦ ਬਿਆਣੀ, ਡਾ. ਸੁਭਾਸ਼ ਜੋਧਪੁਰੀਆ, ਮੋਹਿਤ ਸ਼ਰਮਾ, ਪ੍ਰੇਮ ਬਜਾਜ, ਪੂਨੀਤ ਰਾਣੀ, ਮਨਮੋਹਨ ਮਿੱਢਾ, ਪ੍ਰਦੀਪ ਸੈਣੀ ਆਦਿ ਸਮੇਤ ਕਈ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।