For the best experience, open
https://m.punjabitribuneonline.com
on your mobile browser.
Advertisement

ਪੀਟੀਏ ਤੇ ਗੈਸਟ ਫੈਕਲਟੀ ਪ੍ਰੋਫੈਸਰਾਂ ਦੀ ਬਹਾਲੀ ਲਈ ਧਰਨਾ

09:59 AM Sep 03, 2024 IST
ਪੀਟੀਏ ਤੇ ਗੈਸਟ ਫੈਕਲਟੀ ਪ੍ਰੋਫੈਸਰਾਂ ਦੀ ਬਹਾਲੀ ਲਈ ਧਰਨਾ
ਮਾਨਸਾ ਵਿੱਚ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਦੇ ਹੋਏ ਵਿਦਿਆਰਥੀ ਆਗੂ। -ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 2 ਸਤੰਬਰ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਦੇ ਵਿੱਚ ਪੀਟੀਏ ਸਟਾਫ ਵਜੋਂ ਕੰਮ ਕਰ ਰਹੇ ਪ੍ਰੋਫੈਸਰਾਂ ਅਤੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਕਾਲਜ ਵਿੱਚੋਂ ਬਾਹਰ ਕੱਢਣ ਕਾਰਨ ਵਿਦਿਆਰਥੀਆਂ ਲਈ ਕਲਾਸਾਂ ਦਾ ਪ੍ਰਬੰਧ ਨਾ ਹੋਣ ਦੇ ਰੋਸ ਵਜੋਂ ਕਾਲਜ ਦੇ ਗੇਟ ਅੱਗੇ ਧਰਨਾ ਦੇਕੇ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਅਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ ਨੇ ਕਿਹਾ ਕਿ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਮਾਨਸਾ ਵਿੱਚ ਜਿੱਥੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਪੀਟੀਏ ਅਤੇ ਗੈਸਟ ਫੈਕਲਟੀ ਪ੍ਰੋਫੈਸਰ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ-ਆਪ ਨੂੰ ਬਹਾਲ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਵਿਦਿਆਰਥੀ ਵੀ ਆਪਣੀਆਂ ਕਲਾਸਾਂ ਦਾ ਪ੍ਰਬੰਧ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਪ੍ਰਸ਼ਾਸਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿੱਚ ਸੇਵਾਵਾਂ ਦੇ ਲਈ ਨਹੀਂ ਬੁਲਾਇਆ ਜਾ ਰਿਹਾ ਅਤੇ ਬੇਰੁਜ਼ਗਾਰ ਕਰਕੇ ਘਰ ਬਿਠਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਫੈਸਰਾਂ ਦੀ ਕਾਲਜ ’ਚੋਂ ਗ਼ੈਰਹਾਜ਼ਰੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਦਾ ਪ੍ਰਸ਼ਾਸਨ ਵੱਲੋਂ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਦੋ ਦਿਨ ਮੈਂਬਰਸ਼ਿਪ ਕਰਨ ਉਪਰੰਤ ਸੰਘਰਸ਼ ਦੀ ਤਿਆਰੀ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਵੱਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਸੇ ਦੌਰਾਨ ਪੀਟੀਏ ਟੀਚਰਜ਼ ਯੂਨੀਅਨ ਜ਼ਿਲ੍ਹਾ ਮਾਨਸਾ ਵੱਲੋਂ ਪ੍ਰਧਾਨ ਸੰਤੋਸ਼ ਰਾਣੀ ਦੀ ਅਗਵਾਈ ਵਿੱਚ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਪ੍ਰਿੰਸੀਪਲ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਪੀਟੀਏ ਪ੍ਰੋਫੈਸਰਾਂ ਨੂੰ ਬਹਾਲ ਕਰਵਾ ਕੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਰਾਧਾ, ਅਰਸ਼ਦੀਪ ਸਿੰਘ ਖੋਖਰ ਕਲਾਂ, ਸਤਨਾਮ ਸਿੰਘ ਗੰਢੂ ਖੁਰਦ, ਪ੍ਰਿਤਪਾਲ ਕੌਰ ਸ਼ੇਰਖਾਂ ਵਾਲਾ, ਗਗਨਦੀਪ ਕੌਰ ਡੇਲੂਆਣਾ, ਮਹਿਕਦੀਪ ਕੌਰ, ਹੁਸਨਪ੍ਰੀਤ ਕੌਰ ਮੌਜੋ, ਹਰਪ੍ਰੀਤ ਕੌਰ ਡੇਲੂਆਣਾ, ਅੱਕੀ ਕੌਰ ਨੰਗਲ ਕਲਾਂ, ਮਨਦੀਪ ਕੌਰ ਨੰਗਲ ਕਲਾਂ ਅਤੇ ਜਸਪ੍ਰੀਤ ਕੌਰ ਨੇ ਸੰਬੋਧਨ ਕੀਤਾ।

Advertisement
Advertisement
Author Image

Advertisement