ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਲਈ ਧਰਨਾ
ਸੰਜੀਵ ਬੱਬੀ
ਚਮਕੌਰ ਸਾਹਿਬ, 1 ਸਤੰਬਰ
ਚਮਕੌਰ ਸਾਹਿਬ ਵਿੱਚ ਹਫ਼ਤਾ ਪਹਿਲਾਂ ਵਾਰਡ ਨੰਬਰ-2 ਵਿੱਚ ਰਹਿੰਦੇ ਜਸਪ੍ਰੀਤ ਸਿੰਘ ਦੀ ਉਸ ਦੇ ਘਰੋਂ ਪੱਖੇ ਨਾਲ ਲਟਕਦੀ ਲਾਸ਼ ਮਿਲੀ ਸੀ। ਇਸ ’ਤੇ ਪੁਲੀਸ ਨੇ ਜਸਪ੍ਰੀਤ ਦੀ ਪਤਨੀ ਅਤੇ ਉਸ ਦੇ ਡੀਜੇ ਦਾ ਸਾਮਾਨ ਢੋਣ ਵਾਲੇ ਲੱਖੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਸ ਸਮੇਂ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਲਈ ਭੂਰੜੇ ਚੌਕ ਵਿਚ ਲਾਸ਼ ਰੱਖ ਕੇ ਦੋ ਘੰਟੇ ਧਰਨਾ ਦਿੰਦਿਆਂ ਮੰਗ ਕੀਤੀ ਸੀ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਅੱਜ ਜਸਪ੍ਰੀਤ ਸਿੰਘ ਦੇ ਅੱਜ ਮਗਰੋਂ ਪਰਿਵਾਰਕ ਮੈਂਬਰਾਂ ਨੇ ਭੂਰੜੇ ਚੌਕ ਵਿਚ ਮੁੜ ਧਰਨਾ ਲਗਾ ਦਿੱਤਾ ਅਤੇ ਦੋਸ਼ ਲਾਏ ਕਿ ਕੇਸ ਦਰਜ ਹੋਣ ਤੋਂ ਬਾਅਦ ਹਫ਼ਤਾ ਬਾਅਦ ਵੀ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ। ਧਰਨੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੂੰ ਧਰਨਾ ਲਗਾ ਕੇ ਕੇਸ ਦਰਜ ਕਰਵਾਉਣਾ ਪਿਆ ਸੀ ਪਰ ਹਫ਼ਤੇ ਦੇ ਕਰੀਬ ਬੀਤਣ ਤੋਂ ਬਾਅਦ ਵੀ ਪੁਲੀਸ ਨੇ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਧਰਨੇ ਦੌਰਾਨ ਪੁੱਜੇ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁਲਜ਼ਮਾਂ ਨੂੰ ਇੱਕ-ਦੋ ਦਿਨਾਂ ਅੰਦਰ ਗ੍ਰਿਫ਼ਤਾਰ ਕਰ ਲੈਣਗੇ, ਜਿਸ ’ਤੇ ਧਰਨਾਕਾਰੀਆਂ ਵਲੋਂ ਧਰਨਾ ਖ਼ਤਮ ਕੀਤਾ ਗਿਆ। ਇਸ ਧਰਨੇ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤਕ ਜਾਣ ਲਈ ਬਦਲਵੇਂ ਰਸਤਿਆਂ ਰਾਹੀਂ ਜਾਣਾ ਪਿਆ।