ਝੋਨੇ ਲਈ ਅੱਠ ਘੰਟੇ ਬਿਜਲੀ ਨਾ ਆਉਣ ਕਾਰਨ ਮੁਜ਼ਾਹਰਾ
ਲਖਵੀਰ ਸਿੰਘ ਚੀਮਾ
ਟੱਲੇਵਾਲ, 24 ਜੂਨ
ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਠੁੱਸ ਹੁੰਦੇ ਦਿਖਾਈ ਦੇ ਰਹੇ ਹਨ। ਅੱਜ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਿੱਚ ਪਿੰਡ ਚੀਮਾ ਦੇ ਬਿਜਲੀ ਗਰਿੱਡ ਵਿੱਚ ਕਿਸਾਨਾਂ ਵਲੋਂ ਸੂਬਾ ਸਰਕਾਰ ਅਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਚੀਮਾ ਅਤੇ ਬਲਵੰਤ ਸਿੰਘ ਨੰਬਰਦਾਰ ਨੇ ਕਿਹਾ ਕਿ ਇਸ ਗਰਿੱਡ ਤੋਂ ਪੱਤੀ ਸੇਖਵਾਂ ਅਤੇ ਚੀਮਾ ਕੁਟੀਆ ਫ਼ੀਡਰ ਤੇ ਬਿਜਲੀ ਸਪਲਾਈ ਕਈ ਘੰਟੇ ਬੰਦ ਰਹੀ। ਜਦਕਿ ਬਿਜਲੀ ਛੱਡਣ ਦਾ ਸਮਾਂ ਸਵੇਰੇ ਸਾਢੇ ਚਾਰ ਵਜੇ ਦਾ ਸੀ। 5 ਘੰਟੇ ਦੇਰੀ ਨਾਲ ਬਿਜਲੀ ਦੀ ਸਪਲਾਈ ਦਿੱਤੀ ਗਈ, ਜਿਸ ਕਾਰਨ ਇਨ੍ਹਾਂ ਫੀਡਰਾਂ ‘ਤੇ ਪੈਂਦੀਆਂ ਕਰੀਬ 250 ਮੋਟਰਾਂ ਬੰਦ ਰਹੀਆਂ। ਕਿਸਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ 21 ਜੂਨ ਤੋਂ ਝੋਨਾ ਲਗਾ ਰਹੇ ਹਨ। ਖੇਤਾਂ ਵਿੱਚ ਮਜ਼ਦੂਰ ਬੈਠੇ ਹਨ, ਪਰ ਬਿਜਲੀ ਸਪਲਾਈ ਨਾ ਆਉਣ ਕਰਕੇ ਸਾਰਾ ਕੰਮ ਖੜ੍ਹ ਗਿਆ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸੀਜ਼ਨ ਤੋਂ ਪਹਿਲਾਂ ਸਬੰਧਤ ਐੱਸਡੀਓ ਨੂੰ ਮੰਗ ਪੱਤਰ ਦੇ ਕੇ ਬਿਜਲੀ ਲਾਈਨਾਂ ਅਤੇ ਖੰਭਿਆਂ ਦੀ ਮੁਰੰਮਤ ਕਰਨ ਦੀ ਅਪੀਲ ਕੀਤੀ ਸੀ। ਪਰ ਅਜੇ ਤੱਕ ਬਿਜਲੀ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਇਸੇ ਕਾਰਨ ਅੱਜ ਬਿਜਲੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸੀਜ਼ਨ ਦੇ ਸ਼ੁਰੂਆਤ ਵਿੱਚ ਇਹ ਹਾਲ ਹੈ ਤਾਂ ਪੂਰਾ ਸੀਜ਼ਨ ਕਿਸਾਨਾਂ ਨੂੰ ਪ੍ਰੇਸ਼ਾਨ ਹੋਣਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਤਾਂ ਉਹ ਕਿਸਾਨ ਜਥੇਬੰਦੀਆਂ ਰਾਹੀਂ ਇਸ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।