For the best experience, open
https://m.punjabitribuneonline.com
on your mobile browser.
Advertisement

ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ

07:54 AM Feb 09, 2024 IST
ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ
ਸੰਗਰੂਰ ’ਚ ਡੀਸੀ ਦਫ਼ਤਰ ਅੱਗੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ। ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਫਰਵਰੀ
ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਐਸੋਸੀਏਸ਼ਨ ਆਗੂਆਂ ਜਗਦੀਸ਼ ਸ਼ਰਮਾ, ਸੁਰਿੰਦਰ ਕੁਮਾਰ ਬਾਲੀਆਂ ਅਤੇ ਪੁਲੀਸ ਪੈਨਸ਼ਨਰਾਂ ਵੱਲੋਂ ਪ੍ਰਧਾਨ ਅਜਮੇਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਲਈ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ’ਤੇ ਮੰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਜਗਦੀਸ਼ ਸ਼ਰਮਾ, ਸੁਰਿੰਦਰ ਬਾਲੀਆ, ਬਿੱਕਰ ਸਿੰਘ ਸਬਿੀਆਂ, ਭਰਥਰੀ ਸ਼ਰਮਾ ਤੇ ਸੀਤਾ ਰਾਮ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਪੇਅ ਕਮਿਸ਼ਨ ਦੇ ਬਕਾਏ, 8% ਡੀ.ਏ ਦੀਆਂ ਦੋ ਕਿਸ਼ਤਾਂ, 223 ਮਹੀਨਿਆਂ ਦੇ ਪਿਛਲੇ ਡੀ.ਏ ਦੇ ਬਕਾਏ, 2.59 ਗੁਣਾਂਕ ਨਾਲ ਪੈਨਸ਼ਨ ਦੇਣਾ ਅਤੇ ਲੀਵ ਇੰਨਕੈਂਸ਼ਮੈਂਟ ਦੇ ਬਕਾਏ ਆਦਿ ਨਾ ਦੇਣ ਕਰਕੇ ਪੈਨਸ਼ਨਰਾਂ ’ਚ ਰੋਸ ਹੈ। ਸਰਕਾਰ ਵੱਲੋਂ ਪੈਨਸ਼ਨਰਾਂ ਉਪਰ ਵੀ 200/-ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਥੋਪ ਦਿੱਤਾ ਹੈ ਜਦੋਂ ਕਿ 19 ਅਪਰੈਲ 2018 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੀਨੀਅਰ ਸਿਟੀਜ਼ਨਾਂ ਨੂੰ ਟੈਕਸ ਤੋਂ ਛੋਟ ਹੈ। ਉਨ੍ਹਾਂ ਮੰਗ ਕੀਤੀ ਕਿ ਕਰੌਨਿਕ ਮਰੀਜ਼ਾਂ ਦਾ ਇਲਾਜ ਪਹਿਲੇ ਵਾਂਗ ਜਾਰੀ ਰੱਖਿਆ ਜਾਵੇ। ਬੁਲਾਰਿਆਂ ਕਿਹਾ ਕਿ ਪੈਨਸ਼ਨਰਾਂ ਵੱਲੋਂ ਮੰਗਾਂ ਬਾਰੇ ਫਰਵਰੀ ਮਹੀਨੇ ਵਿੱਚ ਵਿਧਾਇਕਾਂ/ਮੰਤਰੀਆਂ ਦੇ ਘਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਗਏ ਹਨ ਪਰੰਤੂ ਇਸ ਦੇ ਬਾਵਜੂਦ ਮੰਗਾਂ ਦੇ ਨਿਪਟਾਰੇ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਐਲਾਨ ਕੀਤਾ ਕਿ 23 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ ਦਫ਼ਤਰ ਅੱਗੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਮੁਜ਼ਾਹਰਾ ਕੀਤਾ ਜਾਵੇਗਾ। ਜੇਕਰ ਫ਼ਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਮੇਲਾ ਸਿੰਘ, ਮੋਹਨ ਸਿੰਘ, ਜਸਮੇਲ ਸਿੰਘ, ਸੱਤਪਾਲ ਸਿੰਘ ਕਲਸੀ, ਅਮਰ ਨਾਥ ਸ਼ਰਮਾ, ਰਾਮ ਲਾਲ ਸ਼ਰਮਾ ਤੇ ਭੀਮ ਸੈਨ ਆਦਿ ਸ਼ਾਮਲ ਸਨ।

Advertisement

Advertisement
Author Image

Advertisement
Advertisement
×