ਪਾਣੀ ਦਾ ਨਿਕਾਸ ਨਾ ਹੋਣ ’ਤੇ ਮੋਰਚਾ ਜਾਰੀ
ਭਗਵਾਨ ਦਾਸ ਗਰਗ
ਨਥਾਣਾ, 16 ਦਸੰਬਰ
ਇੱਥੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲ ਰਿਹਾ ਪੱਕਾ ਮੋਰਚਾ ਅੱਜ 96ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਦੇ ਦਾਅਵੇ ਅਤੇ ਵਾਅਦੇ ਹਵਾ ਵਿਚ ਲਟਕ ਚੁੱਕੇ ਹਨ। ਛੱਪੜ ਡੂੰਘੇ ਕਰਨ, ਟਰੀਟਮੈਂਟ ਪਲਾਂਟ ਲਾਉਣ ਅਤੇ 12 ਕਿਲੋਮੀਟਰ ਦੂਰ ਡਰੇਨ ਤੱਕ ਪਾਈਪਾਂ ਵਿਛਾਉਣਾ ਪ੍ਰਮੁੱਖ ਵਾਅਦੇ ਹਨ। ਛੱਪੜ ਡੂੰਘੇ ਕਰਨ ਵਾਲੀ ਪੋਕਲੇਨ ਮਸ਼ੀਨ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਵਾਪਸ ਜਾ ਚੁੱਕੀ ਹੈ ਟਰੀਟਮੈਂਟ ਪਲਾਂਟ ਦਾ ਕੰਮ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਹੈ। ਪਾਈਪਾਂ ਵਿਛਾਉਣ ਲਈ ਹਲਕਾ ਵਿਧਾਇਕ ਨੇ ਸਿਰਫ ਟੱਕ ਹੀ ਲਾਇਆ ਸੀ ਜੋ ਸਫ਼ਲ ਨਹੀਂ ਹੋ ਸਕਿਆ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਬਹਾਦਰ ਸਿੰਘ ਗੁਰਮੇਲ ਸਿੰਘ, ਹੈਪੀ ਸਿੰਘ, ਕਮਲਜੀਤ ਕੌਰ ਅਤੇ ਰਣਜੀਤ ਕੌਰ ਨੇ ਕਿਹਾ ਕਿ ਮਾਹਿਰਾਂ ਦੀ ਟੀਮ ਮੁੰਬਈ ਜਾ ਕੇ ਪਾਈਪਾਂ ਦੇ ਸਾਈਜ਼ ਅਤੇ ਮਿਆਰ ਦੀ ਜਾਂਚ ਕਰੇਗੀ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਕੋਈ ਇਤਰਾਜ਼ ਨਹੀਂ ਵਾਲੇ ਸਰਟੀਫਿਕੇਟ ਮਿਲਣੇ ਬਾਕੀ ਹਨ। ਇਨ੍ਹਾਂ ’ਤੇ ਕਾਫ਼ੀ ਲੰਬਾ ਸਮਾਂ ਲੱਗਣ ਦਾ ਖਦਸ਼ਾ ਹੈ। ਆਗੂਆਂ ਨੇ ਸਪਸ਼ਟ ਕੀਤਾ ਕਿ ਧਰਨਾਕਾਰੀਆਂ ਪੂਰੀ ਤਰ੍ਹਾਂ ਡਟੇ ਹੋਏ ਹਨ ਅਤੇ ਨਿਕਾਸੀ ਦਾ ਕੰਮ ਸ਼ੁਰੂ ਹੋਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ।