ਟਿੱਬੀ ਬਸਤੀ ’ਚ ਮੋਬਾਈਲ ਟਾਵਰ ਲਾਉਣ ਖ਼ਿਲਾਫ਼ ਧਰਨਾ ਜਾਰੀ
ਪੱਤਰ ਪ੍ਰੇਰਕ
ਲਹਿਰਾਗਾਗਾ, 4 ਫਰਵਰੀ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਦੀ ਅਗਵਾਈ ਹੇਠ ਪਿੰਡ ਗਾਗਾ ਦੀ ਟਿੱਬੀ ਬਸਤੀ ਵਿੱਚ ਨਿੱਜੀ ਕੰਪਨੀ ਵੱਲੋਂ ਲਾਏ ਮੋਬਾਈਲ ਟਾਵਰ ਖ਼ਿਲਾਫ਼ ਸਥਾਨਕ ਲੋਕਾਂ ਵੱਲੋਂ ਲਾਇਆ ਧਰਨਾ ਅੱਜ ਪੰਜਵੇਂ ਦਿਨ ਜਾਰੀ ਰਿਹਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ 5ਜੀ ਟਾਵਰਾਂ ’ਚੋਂ ਤੇਜ਼ੀ ਨਾਲ ਨਿਕਲਣ ਕਿਰਨਾਂ ਕਾਰਨ ਮਨੁੱਖੀ ਸਿਹਤ ਅਤੇ ਪਸ਼ੂ ਪੰਛੀਆਂ ਦੇ ’ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ ਜਿਹੜੇ ਮਨੁੱਖੀ ਬਿਮਾਰੀਆਂ ਵਿੱਚ ਵਾਧਾ ਕਰਦੇ ਹਨ। ਧਰਨਾਕਾਰੀਆਂ ਨੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਸ ਮਾਲਕ ਨੇ ਇਸ ਟਾਵਰ ਨੂੰ ਲਾਉਣ ਵਾਸਤੇ ਜਗ੍ਹਾ ਸਬੰਧੀ ਸਮਝੌਤਾ ਕੀਤਾ ਹੈ ਉਸ ਨੂੰ ਰੱਦ ਕਰਵਾਇਆ ਜਾਵੇ। ਦੂਜੇ ਪਾਸੇ ਜਥੇਬੰਦੀ ਦੇ ਵਫ਼ਦ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸ਼ਹਿਰੀ ਐੱਸਡੀਓ ਨੂੰ ਮਿਲਕੇ ਟਾਵਰ ਵਾਲੀ ਥਾਂ ’ਤੇ ਕੁਨੈਕਸ਼ਨ ਨਾ ਦੇਣ ਬਾਰੇ ਦਰਖ਼ਾਸਤ ਦਿੱਤੀ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਪਿੰਡ ਇਕਾਈ ਗਾਗਾ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਕੰਪਨੀ ਨਾਲ ਮਿਲ ਕੇ ਲੋਕਾਂ ਨਾਲ ਧੱਕਾ ਕਰੇਗੀ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।