ਮਜ਼ਦੂਰਾਂ ਵੱਲੋਂ ਨਗਰ ਕੌਂਸਲ ਦੇ ਬਾਹਰ ਰੋਸ ਮੁਜ਼ਾਹਰਾ
ਸਰਬਜੀਤ ਸਿੰਘ ਭੱਟੀ
ਲਾਲੜੂ , 23 ਸਤੰਬਰ
ਅੱਜ ਨਗਰ ਕੌਂਸਲ ਲਾਲੜੂ ਦੇ ਬਾਹਰ ਮਜ਼ਦੂਰਾਂ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਕਾਲਾ ਦਿਨ ਮਨਾਇਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਜ਼ਦੂਰਾਂ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ 4 ਲੇਬਰ ਕੋਡ ਰੱਦ ਕਰਨ ਦੀ ਮੰਗ ਕੀਤੀ।
ਉਪ ਪ੍ਰਧਾਨ ਏਟਕ ਪੰਜਾਬ ਵਿਨੋਦ ਚੁੱਗ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅੱਜ ਦੇ ਦਿਨ 23 ਸਤੰਬਰ 2023 ਨੂੰ ਮਜ਼ਦੂਰਾਂ ਦੇ ਹੱਕਾਂ ਲਈ ਬਣੇ 44 ਲੇਬਰ ਕਾਨੂੰਨਾਂ ਨੂੰ ਤੋੜ ਕੇ ਨਵੇਂ 4 ਲੇਬਰ ਕੋਡ ਪੂੰਜੀਪਤੀਆਂ ਨੂੰ ਫਾਇਦਾ ਅਤੇ ਮਜ਼ਦੂਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਏ ਸਨ। ਜਿਨ੍ਹਾਂ ਵਿੱਚ ਟਰੇਡ ਯੂਨੀਅਨਾਂ ’ਤੇ ਬਹੁਤ ਵੱਡਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਨੂੰਨਾ ਵਿੱਚ ਇਹੋ ਜਿਹੇ ਪ੍ਰਬੰਧ ਬਣਾਏ ਗਏ ਹਨ ਕਿ ਮਜ਼ਦੂਰ ਨੂੰ ਮਾਲਕ ਵੱਲੋਂ ਕਿਸੇ ਸਮੇਂ ਵੀ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ ਤੇ ਮਜ਼ਦੂਰ ਲੇਬਰ ਕੋਰਟ ਵਿੱਚ ਕੇਸ ਵੀ ਨਹੀਂ ਕਰ ਸਕਦਾ। ਇਸ ਮੌਕੇ ਨਗਰ ਕੌਂਸਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕੌਂਸਲ ਵੱਲੋਂ 107 ਕਰਮਚਾਰੀਆਂ ਨੂੰ ਨਗਰ ਕੌਂਸਲ ਦੇ ਅਧੀਨ ਕਰਨ ਲਈ ਮਤਾ ਪਾਸ ਕੀਤਾ ਗਿਆ ਸੀ ਪਰੰਤੂ ਉਨ੍ਹਾਂ ਵਿੱਚੋਂ 46 ਕਿਰਤੀਆਂ ਨੂੰ ਗਲਤ ਇਤਰਾਜ਼ ਲਗਾ ਕੇ ਨਗਰ ਕੌਂਸਲ ਦੇ ਰੋਲ ’ਤੇ ਨਹੀਂ ਕੀਤਾ ਗਿਆ ਹੈ। ਯੂਨੀਅਨ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਮੰਗ ਪੱਤਰ ਦੇ ਚੁੱਕੀ ਹੈ ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।