ਮਜ਼ਦੂਰਾਂ ਵੱਲੋਂ ਪੂਰੀ ਮਜ਼ਦੂਰੀ ਨਾ ਮਿਲਣ ’ਤੇ ਮੁਜ਼ਾਹਰਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਨਵੰਬਰ
ਸ਼ੈਲਰਾਂ ਵਿੱਚ ਝੋਨਾ ਉਤਾਰਨ ਦੀ ਪੂਰੀ ਮਜ਼ਦੂਰੀ ਨਾ ਮਿਲਣ ਦੇ ਰੋਸ ਵਜੋਂ ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਗੰਢੂਆਂ ਅਨਾਜ ਮੰਡੀ ਦੇ ਮਜ਼ਦੂਰਾਂ ਨੇ ਧਰਨੇ ’ਤੇ ਬੈਠ ਕੇ ਠੇਕੇਦਾਰ ਦਾ ਵਿਰੋਧ ਕਰ ਦਿੱਤਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਨੇ ਦੱਸਿਆ ਕਿ ਠੇਕੇਦਾਰ ਨੇ ਜ਼ਿਲ੍ਹਾ ਸੰਗਰੂਰ ਦੀਆਂ ਦਰਜਨਾਂ ਮੰਡੀਆਂ ਦਾ ਝੋਨਾ ਸ਼ੈਲਰਾਂ ਵਿੱਚ ਸਟੋਰ ਕਰਾਉਣ ਦਾ ਠੇਕਾ ਲਿਆ ਹੋਇਆ ਹੈ। ਜੋ ਕਿ ਮਜ਼ਦੂਰਾਂ ਦੀ 37.5 ਕਿਲੋ ਭਾਰ ਦੀ ਪ੍ਰਤੀ ਬੋਰੀ ਦਾ ਰੇਟ 3.56 ਰੁਪਏ ਸੀ ਪਰ ਉਨ੍ਹਾਂ ਨੂੰ 3.56 ਦੀ ਥਾਂ 2.42 ਪੈਸੇ ਦੇਣ ਦੀ ਗੱਲ ਕਹੀ ਗਈ ਸੀ ਜਿਸ ਕਰਕੇ ਮਜ਼ਦੂਰਾਂ ਨੇ ਕੰਮ ਠੱਪ ਕਰ ਦਿੱਤਾ। ਮਜ਼ਦੂਰ ਆਗੂ ਹਰਭਗਵਾਨ ਮੂਨਕ ਨੇ ਪਿੰਡ ਗੰਢੂਆਂ ਤੋਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਆਗੂ ਬਿੰਦਰ ਸਿੰਘ, ਕਾਲਾ ਸਿੰਘ, ਬੱਗਾ ਸਿੰਘ, ਜਰਨੈਲ ਸਿੰਘ, ਭੋਲਾ ਸਿੰਘ, ਦਾਰਾ ਸਿੰਘ ਅਤੇ ਸੈਂਸੀ ਸਿੰਘ ਗੰਢੂਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਵਾਰ ਸ਼ੈਲਰਾਂ ਵਿੱਚ ਝੋਨਾ ਸਟੋਰ ਕਰਾਈ ਦਾ ਰੇਟ 37.5 ਕਿਲੋ ਭਾਰ ਦੀ ਪ੍ਰਤੀ ਬੋਰੀ ਦਾ ਰੇਟ 3 ਰੁਪਏ 56 ਪੈਸੇ ਹੈ, ਪਰ ਠੇਕੇਦਾਰ ਵੱਲੋਂ ਲੇਬਰ ਨੂੰ ਸਿਰਫ 2.42 ਰੁਪਏ ਦੇ ਹਿਸਾਬ ਨਾਲ ਰੇਟ ਦੇਣ ਦੀ ਗੱਲ ਕਰਕੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਨਗਰੇਨ ਏਜੰਸੀ ਦੇ ਡੀਐਫਸੀ ਨੇ ਭਰੋਸਾ ਦਵਾਇਆ ਕਿ ਠੇਕੇਦਾਰ ਨਾਲ ਜਲਦੀ ਗੱਲ ਕਰਕੇ ਮਜ਼ਦੂਰਾਂ ਦੇ ਇਸ ਮਸਲਾ ਨੂੰ ਹੱਲ ਕੀਤਾ ਜਾਵੇਗਾ। ਇਸ ਉਪਰੰਤ ਹੁਣ ਮਜ਼ਦੂਰਾਂ ਨੂੰ 2.65 ਰੁਪਏ ਪ੍ਰਤੀ ਬੋਰੀ ਸਟੋਰ ਕਰਨ ਦਾ ਰੇਟ ਮੁਕੱਰਰ ਕਰਨ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰ ਭਗਵਾਨ ਸਿੰਘ ਮੂਣਕ ਨੇ ਕਿਹਾ ਕਿ ਜਥੇਬੰਦੀ ਵੱਲੋਂ ਮਜ਼ਦੂਰਾਂ ਦਾ ਸ਼ੋਸ਼ਣ ਨਹੀਂ ਹੋਣ ਦਿੱਤਾ ਜਾਵੇਗਾ।