ਝੋਨੇ ਦੀ ਸਿੱਧੀ ਅਨਲੋਡਿੰਗ ਖ਼ਿਲਾਫ਼ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 7 ਅਕਤੂਬਰ
ਅਨਾਜ ਮੰਡੀ ਲੇਬਰ ਯੂਨੀਅਨ ਦੇ ਮੈਂਬਰਾਂ ਨੇ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਕਾਲਾਂਵਾਲੀ ਦੀ ਐਡੀਸ਼ਨਲ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਦੀ ਸਿੱਧੀ ਅਨਲੋਡਿੰਗ ਨੂੰ ਲੈ ਕੇ ਕੰਮਕਾਜ ਠੱਪ ਕਰ ਕੇ ਪ੍ਰਸ਼ਾਸਨ ਤੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੰਸਥਾਪਕ ਸੂਰਜਭਾਨ ਖਨਗਵਾਲ ਅਤੇ ਪ੍ਰਧਾਨ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਕੁਝ ਸਾਲਾਂ ਤੋਂ ਮੰਡੀ ਵਿੱਚ ਆ ਰਿਹਾ ਝੋਨਾ ਸਿੱਧਾ ਸ਼ੈੱਲਰਾਂ ਵਿੱਚ ਜਾਂ ਐਡੀਸ਼ਨਲ ਦਾਣਾ ਮੰਡੀ ਵਿੱਚ ਹੀ ਉਤਾਰਿਆ ਜਾਂਦਾ ਹੈ ਅਤੇ ਨਾ ਤਾਂ ਇਸ ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਇਸ ਨੂੰ ਤੋਲਿਆ ਜਾਂਦਾ ਹੈ। ਇਹ ਬਿਨਾਂ ਸਫਾਈ ਕੀਤੇ ਬੋਰੀਆਂ ਵਿੱਚ ਭਰਿਆ ਜਾਂਦਾ ਹੈ। ਪਿਛਲੇ ਤਿੰਨ-ਚਾਰ ਸਾਲਾਂ ਤੋਂ ਅਜਿਹਾ ਹੋਣ ਕਾਰਨ ਮਜ਼ਦੂਰ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ। ਮਾਰਕੀਟ ਕਮੇਟੀ ਦੀ ਸਕੱਤਰ ਜੈਵੰਤੀ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਆ ਰਹੇ ਵਾਧੂ ਝੋਨੇ ਦੀ ਸਫਾਈ ਕਰਨ ਤੋਂ ਬਾਅਦ ਹੀ ਬੋਰੀਆਂ ਵਿੱਚ ਭਰਿਆ ਜਾਂਦਾ ਹੈ।