ਜਲ ਸਪਲਾਈ ਮੁਲਾਜ਼ਮਾਂ ਵੱਲੋਂ ਤਿੰਨੋਂ ਚੀਫ ਇੰਜਨੀਅਰਾਂ ਖ਼ਿਲਾਫ਼ ਪ੍ਰਦਰਸ਼ਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਨਵੰਬਰ
ਪੀ.ਡਬਲਿਊ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਡਲ ਦਫ਼ਤਰ ਅੱਗੇ ਤਿੰਨੋਂ ਚੀਫ ਇੰਜਨੀਅਰਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਵੱਡੀ ਤਾਦਾਦ ’ਚ ਮੁਲਾਜ਼ਮ 6 ਦਸੰਬਰ ਨੂੰ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ਵਿੱਚ ਮੁਜ਼ਾਹਰਾ ਕਰਨਗੇ।
ਇਸ ਮੌਕੇ ਪੀ.ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਲਵਿੰਦਰ ਸਿੰਘ ਸੰਧੂ, ਜਨਰਲ ਸਕੱਤਰ ਦਰਸ਼ਨ ਚੀਮਾਂ, ਚੇਅਰਮੈਨ ਸੁਖਦੇਵ ਚੰਗਾਲੀ ਵਾਲਾ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਗੁਰਨੇ ਅਤੇ ਬਲਦੇਵ ਸਿੰਘ ਬਡਰੁੱਖਾਂ ਨੇ ਸੰਬੋਧਨ ਕਰਦਿਆਂ ਮੰਗਾਂ ਦਾ ਹੱਲ ਨਾ ਕਰਨ ’ਤੇ ਵਿਭਾਗ ਦੇ ਮੁੱਖ ਅਧਿਕਾਰੀਆਂ ਅਤੇ ਸਰਕਾਰ ਦੀ ਆਲੋਚਨਾ ਕੀਤੀ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1.01.2016 ਤੋਂ 30.06.2021 ਤੱਕ ਮੁਲਾਜ਼ਮਾਂ ਦਾ ਬਣਦਾ ਬਕਾਇਆ ਅਤੇ ਡੀਏ ਦਾ 12 ਫੀਸਦੀ ਬਣਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਟੈਸਟ ਪਾਸ ਕਰਮਚਾਰੀਆਂ ਨੂੰ ਬਣਦਾ 15 ਫੀਸਦੀ ਨਹੀਂ ਦਿੱਤਾ ਜਾ ਰਿਹਾ। ਜੇ.ਈ. ਬਣਦੇ ਕੋਟੇ ਤਹਿਤ ਪ੍ਰਮੋਟ ਨਹੀਂ ਕੀਤਾ ਜਾ ਰਿਹਾ। ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਨਹੀਂ ਦਿੱਤੀਆ ਰਹੀਆਂ ਅਤੇ ਇਨਲਿਸਟਮੈਂਟ ਆਊਟਸੋਰਸ ਠੇਕਾ ਕਾਮੀਆਂ ਦੀ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਜੋ ਘੱਟੋ ਘੱਟ 26000 ਬਣਦੀ ਹੈ। ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ, ਪਾਰਟ ਟਾਈਮ ਸਵੀਪਰਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ। ਪਿਛਲੇ 30 ਸਾਲਾਂ ਤੋਂ ਮਾਸਟਰੋਲ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਅਤੇ ਫੀਲਡ ਵਿੱਚ ਕੰਮ ਕਰਦੇ ਦਰਜਾ 3 ਮੁਲਾਜ਼ਮਾਂ ਨੂੰ ਸਫਰੀ ਭੱਤਾ ਜੋ 1500 ਰੁਪਏ ਪ੍ਰਤੀ ਮਹੀਨਾ ਬਣਦਾ ਹੈ, ਨਹੀਂ ਦਿੱਤਾ ਜਾ ਰਿਹਾ। ਤਿੰਨੋਂ ਚੀਫ਼ ਇੰਜਨੀਅਰਾਂ ਦੇ ਨਾਮ ਪੱਤਰ ਦਿੰਦਿਆਂ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ। ਅਜਿਹਾ ਨਾ ਕਰਨ ’ਤੇ 6 ਦਸੰਬਰ ਨੂੰ ਸੈਂਕੜੇ ਮੁਲਾਜ਼ਮ ਮੁੱਖ ਦਫ਼ਤਰ ਪਟਿਆਲਾ ਨੂੰ ਕੂਚ ਕਰਨਗੇ। ਇਸ ਮੌਕੇ ਹਰਪਾਲ ਸਿੰਘ ਸੁਨਾਮ, ਨਰਿੰਦਰ ਸਿੰਘ, ਮੇਜਰ ਸਿੰਘ ਭੂਟਾਲ, ਛੱਜੂ ਰਾਮ ਮਨਿਆਣਾ, ਰਾਜਿੰਦਰ ਸਿੰਘ ਅਕੋਈ, ਸਵਰਨ ਸਿੰਘ ਅਕਬਰਪੁਰ, ਭੁਪਿੰਦਰ ਸਿੰਘ ਖਿਲਰੀਆਂ, ਹਰਵਿੰਦਰ ਸਿੰਘ ਪੱਪੂ, ਸਤਨਾਮ ਸਿੰਘ ਸੰਗਤੀਵਾਲਾ, ਜਸਵਿੰਦਰ ਸਿੰਘ ਗਾਗਾ, ਈਸਰ ਸਿੰਘ ਚੀਮਾ, ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਮਾਨ ਆਦਿ ਨੇ ਸੰਬੋਧਨ ਕੀਤਾ।