ਬੇਰੁਜ਼ਗਾਰ ਮਲਟੀਪਰਪਜ਼ ਸਿਹਤ ਵਰਕਰਾਂ ਵੱਲੋਂ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 4 ਜੂਨ
ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਪਟਿਆਲਾ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਹਾਜ਼ਰ ਵਰਕਰਾਂ ਨੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਆਸਾਮੀਆਂ ਦਾ ਨਵਾਂ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਵਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਯੂਨੀਅਨ ਆਗੂਆਂ ਨੂੰ ਭਰਤੀ ਕਰਨ ਸਬੰਧੀ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਵਿਭਾਗ ਵੱਲੋਂ ਅਜੇ ਤੱਕ ਕੋਈ ਵੀ ਨਵਾਂ ਇਸ਼ਤਿਹਾਰ ਜਾਰੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੰਤਰੀ ਦੇ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਸਿਹਤ ਵਰਕਰਾਂ ਨੇ ਪਟਿਆਲਾ ਵਿੱਚ ਰੋਸ ਮਾਰਚ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਰਕਰ ਲੰਬੇ ਸਮੇਂ ਤੋਂ ਕੋਰਸ ਪਾਸ ਕਰਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਭਰਤੀ ਸਬੰਧੀ ਜਲਦੀ ਨਵਾਂ ਇਸ਼ਤਿਹਾਰ ਦਿੱਤਾ ਜਾਵੇ ਤੇ ਅਜਿਹਾ ਨਾ ਹੋਣ ‘ਤੇ ਆਉਣ ਵਾਲੇ ਦਿਨਾਂ ਵਿੱਚ ਸਿਹਤ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਗੱਲਬਾਤ ਕਰਕੇ ਜਲਦੀ ਸਿਹਤ ਵਰਕਰਾਂ ਦੀਆਂ ਮੰਗਾ ਮੰਨਣ ਦਾ ਭਰੋਸਾ ਦਿੱਤਾ ਗਿਆ। ਬੇਰੁਜ਼ਗਾਰ ਮਲਟੀਪਰਪਜ਼ ਯੂਨੀਅਨ ਦੇ ਆਗੂਆਂ ਨੇ ਸਿਹਤ ਮੰਤਰੀ ਦੇ ਸ਼ਹਿਰੀ ਦਫ਼ਤਰ ਦੇ ਇੱਕ ਨੁਮਾਇੰਦੇ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਰਵਿੰਦਰ ਸਿੰਘ ਅਜਨਾਲਾ, ਬਲਕਾਰ ਸਿੰਘ, ਲੱਖਾ, ਜੋਗਾ, ਨਾਹਰ ਸਿੰਘ, ਬਿਕਰਮ ਸਿੰਘ ਤੇ ਸਾਹਿਬ ਸਿੰਘ ਆਦਿ ਵਰਕਰ ਹਾਜ਼ਰ ਸਨ।