ਪੋਸਟਮਾਰਟਮ ਨਾ ਹੋਣ ਕਾਰਨ ਪੀੜਤ ਪਰਿਵਾਰ ਵੱਲੋਂ ਮੁਜ਼ਾਹਰਾ
ਪਰਮਜੀਤ ਸਿੰਘ
ਫਾਜ਼ਿਲਕਾ, 16 ਨਵੰਬਰ
ਸੜਕ ਹਾਦਸੇ ਵਿਚ ਜਾਨ ਗਵਾ ਚੁੱਕੇ ਪਿੰਡ ਚੱਕ ਅਰਨੀਵਾਲਾ ਉਰਫ ਕੱਟੀਆਂ ਵਾਲਾ ਦੇ ਨੌਜਵਾਨ ਰਮੇਸ਼ ਸਿੰਘ ਦੀ ਲਾਸ਼ ਦਾ ਫਾਜ਼ਿਲਕਾ ਵਿਚ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਨੂੰ ਲਗਾਤਾਰ ਦੋ ਦਿਨ ਖੱਜਲ ਖੁਆਰ ਹੋਣਾ ਪਿਆ। ਦੂਸਰੇ ਦਿਨ ਵੀ ਪੋਸਟਮਾਰਟਮ ਨਾ ਹੁੰਦਾ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਫਾਜ਼ਿਲਕਾ ਦੇ ਸਾਹਮਣੇ ਧਰਨਾ ਦਿੱਤਾ ਜਿਸ ਤੋਂ ਬਾਅਦ ਡਾਕਟਰਾਂ ਨੇ ਪੋਸਟਮਾਰਟਮ ਕੀਤਾ।
ਮ੍ਰਿਤਕ ਦੇ ਰਿਸ਼ਤੇਦਾਰ ਨਰਿੰਦਰ ਢਾਬਾਂ, ਹਰਜੀਤ ਕੌਰ, ਸੁਰਿੰਦਰ ਸਿੰਘ ਪੰਚ, ਪਿੰਡ ਦੇ ਸਾਬਕਾ ਸਰਪੰਚ ਡਾ. ਜੰਗੀਰ ਸਿੰਘ ਅਤੇ ਮਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਨੂੰ ਰੁਲਣਾ ਪੈ ਰਿਹਾ ਹੈ, ਜਿਹੜੇ ਲੋਕ ਜਾਗਰੂਕ ਨਹੀਂ ਹੁੰਦੇ ਅਤੇ ਧਰਨਾ ਵੀ ਨਹੀਂ ਲਗਾ ਸਕਦੇ, ਸ਼ਾਇਦ ਉਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਾਉਣ ਲਈ ਕਈ ਕਈ ਦਿਨ ਇਥੇ ਰੁਲਦੀਆਂ ਹੋਣਗੀਆਂ। ਦੂਜੇ ਪਾਸੇ ਜਦੋਂ ਸਿਵਲ ਸਰਜਨ ਅਤੇ ਐਸਐਮਓ ਦੇ ਧਿਆਨ ਵਿੱਚ ਇਹ ਗੱਲ ਆਈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਸਾਹਮਣੇ ਧਰਨਾ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੇ ਤੁਰੰਤ ਪੋਸਟਮਾਰਟਮ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਜਲਾਲਾਬਾਦ ਦੇ ਡਾਕਟਰਾਂ ’ਤੇ ਦੋਸ਼ ਲਗਾਇਆ ਕਿ ਐਕਸੀਡੈਂਟ ਹੋਣ ਤੋਂ ਬਾਅਦ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁਢਲੀ ਸਹਾਇਤਾ ਦੇਣ ਦੀ ਬਜਾਏ ਸਿੱਧਾ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਜਿਸ ਕਾਰਨ ਨੌਜਵਾਨ ਦੀ ਮੌਤ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਜੇਕਰ ਨੌਜਵਾਨ ਨੂੰ ਸਮੇਂ ਸਿਰ ਮੁਢਲੀ ਸਹਾਇਤਾ ਮਿਲ ਜਾਂਦੀ ਤਾਂ ਉਸ ਦੀ ਜਾਨ ਬਚ ਸਕਦੀ ਸੀ। ਫਾਜ਼ਿਲਕਾ ਦੀ ਸਿਵਲ ਸਰਜਨ ਡਾਕਟਰ ਕਵਿਤਾ ਨੇ ਦੱਸਿਆ ਕਿ ਅੱਜ ਸਰਕਾਰੀ ਛੁੱਟੀ ਹੋਣ ਅਤੇ ਕੋਰਟ ਐਵੀਡੈਂਸ ਹੋਣ ਕਰਕੇ ਕੁਝ ਦੇਰੀ ਹੋਈ ਹੈ, ਜਾਣਬੁੱਝ ਕੇ ਕਿਸੇ ਵੀ ਮਰੀਜ਼ ਜਾਂ ਫਿਰ ਉਸ ਦੇ ਵਾਰਸ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ। ਦੂਜੇ ਪਾਸੇ ਹਸਪਤਾਲ ਵਿਚ ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਹਾਲਾਤ ਵਿਚ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਉਨ੍ਹਾਂ ਨੂੰ ਖੱਜਲ ਨਾ ਕੀਤਾ ਜਾਵੇ।