ਸੈਕਟਰ-76 ਤੋਂ 80 ਦੇ ਵਸਨੀਕਾਂ ਵੱਲੋਂ ਧਰਨਾ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਮਈ
ਇੱਥੋਂ ਦੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਅਤੇ ਵੈੱਲਫੇਅਰ ਕਮੇਟੀ ਵੱਲੋਂ 13 ਰੈਜ਼ੀਡੈਂਟ ਡਿਵੈੱਲਪਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਨਾਜਾਇਜ਼ ਵਸੂਲੀ ਖ਼ਿਲਾਫ਼ ਅੱਜ ਗਮਾਡਾ ਦੇ ਬਾਹਰ ਧਰਨਾ ਦਿੱਤਾ ਗਿਆ। ਕਮੇਟੀ ਦੇ ਪ੍ਰਧਾਨ ਤੇ ਕੌਂਸਲਰ ਸੁੱਚਾ ਸਿੰਘ ਕਲੌੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 24 ਸਾਲ ਪਹਿਲਾਂ ਪੁੱਡਾ/ਗਮਾਡਾ ਰਾਹੀਂ ਮੁਹਾਲੀ ਵਿੱਚ ਸੈਕਟਰ-76 ਤੋਂ 80 ਵਿੱਚ ਪਲਾਟਾਂ ਦੀ ਅਲਾਟਮੈਂਟ ਲਈ ਹਾਊਸਿੰਗ ਸਕੀਮ ਲਾਂਚ ਕੀਤੀ ਸੀ ਤੇ ਸਾਲ 2001 ਵਿੱਚ ਸਫਲ ਅਲਾਟੀਆਂ ਕੋਲੋਂ ਪਲਾਟਾਂ ਦੀ ਕੁੱਲ ਕੀਮਤ ਦਾ 25 ਫ਼ੀਸਦੀ ਵਸੂਲਿਆ ਗਿਆ ਤੇ ਦਸੰਬਰ 2002 ਤੱਕ ਪਲਾਟਾਂ ਦਾ ਕਬਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅਲਾਟਮੈਂਟ 2007 ਵਿੱਚ ਸ਼ੁਰੂ ਕੀਤੀ ਗਈ ਅਤੇ ਕਰੀਬ 100 ਅਲਾਟੀਆਂ ਨੂੰ ਅਜੇ ਵੀ ਪਲਾਟਾਂ ਦੇ ਕਬਜ਼ੇ ਨਹੀਂ ਮਿਲੇ ਹਨ।
ਬੁਲਾਰਿਆਂ ਨੇ ਕਿਹਾ ਕਿ ਹੁਣ 23 ਸਾਲ ਬਾਅਦ ਗਮਾਡਾ ਦੇ ਮਿਲਖ ਅਫ਼ਸਰ ਵੱਲੋਂ ਪਲਾਟ ਮਾਲਕਾਂ/ ਅਲਾਟੀਆਂ ਨੂੰ 2645 ਰੁਪਏ 50 ਪੈਸੇ ਪ੍ਰਤੀ ਗਜ ਦੇ ਹਿਸਾਬ ਨਾਲ ਵਾਧੂ ਕੀਮਤ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਜੋ ਸਰਾਸਰ ਧੱਕਾ ਹੈ।
ਬੁਲਾਰਿਆਂ ਨੇ ਕਿਹਾ ਕਿ ਜਿਸ ਕਾਰਨ ਸੈਕਟਰ ਵਾਸੀਆਂ ਅਤੇ ਅਲਾਟੀਆਂ ਨੂੰ ਅੱਤ ਦੀ ਗਰਮੀ ਵਿੱਚ ਗਮਾਡਾ ਦੇ ਬਾਹਰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।
27 ਮਈ ਨੂੰ ਮੁੱਖ ਪ੍ਰਸ਼ਾਸਕ ਨਾਲ ਮੀਟਿੰਗ ਦਾ ਭਰੋਸਾ
ਗਮਾਡਾ ਦੇ ਅਸਟੇਟ ਅਫ਼ਸਰ ਹਰਬੰਸ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਅਤੇ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ 27 ਮਈ ਨੂੰ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਬਾਅਦ ਦੁਪਹਿਰ 3 ਵਜੇ ਮੀਟਿੰਗ ਕਰਵਾਈ ਜਾਵੇਗੀ। ਇਸ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।