ਭਾਰੀ ਵਾਹਨਾਂ ਦੀ ਆਮਦ ਤੋਂ ਦੁਖੀ ਮਨੌਲੀ ਵਾਸੀਆਂ ਵੱਲੋਂ ਧਰਨਾ
ਸਰਬਜੀਤ ਸਿੰਘ ਭੱਟੀ/ਕਰਮਜੀਤ ਸਿੰਘ ਚਿੱਲਾ
ਲਾਲੜੂ/ਬਨੂੜ, 10 ਨਵੰਬਰ
ਲਾਲੜੂ ਨੇੜਲੇ ਪਿੰਡ ਮਨੌਲੀ ਸੂਰਤ ਦੇ ਵੱਡੀ ਗਿਣਤੀ ਵਸਨੀਕਾਂ ਵੱਲੋਂ ਪਿੰਡ ਵਿੱਚੋਂ ਲੰਘ ਰਹੇ ਭਾਰੀ ਵਾਹਨਾਂ ਦੀ ਆਵਾਜਾਈ ਤੋਂ ਤੰਗ ਆ ਕੇ ਲਾਲੜੂ-ਬਨੂੜ ਸੜਕ ਉੱਤੇ ਸਵੇਰ ਤੋਂ ਸ਼ਾਮ ਤਕ ਧਰਨਾ ਦਿੱਤਾ। ਸੇਵਾਮੁਕਤ ਪੁਲੀਸ ਇੰਸਪੈਕਟਰ ਤੇ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਲਖਵੀਰ ਸਿੰਘ ਦੀ ਅਗਵਾਈ ’ਚ ਲਾਏ ਇਸ ਧਰਨੇ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਲਾਲੜੂ-ਬਨੂੜ ਵਾਲੀ ਸੜਕ ਬਹੁਤ ਛੋਟੀ ਹੈ ਅਤੇ ਸੰਭੂ ਬਾਰਡਰ ਬੰਦ ਹੋਣ ਕਾਰਨ ਸਾਰੀ ਆਵਾਜਾਈ ਇਸ ਸੜਕ ਰਾਹੀਂ ਲੰਘ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਦੇ ਚੱਲਦਿਆਂ ਇਸ ਸੜਕ ਉੱਤੇ ਲਗਾਤਾਰ ਦੁਰਘਟਨਾਵਾਂ ਵਾਪਰ ਰਹੀਆਂ ਹਨ ਤੇ ਆਮ ਲੋਕਾਂ ਦਾ ਇਸ ਸੜਕ ਤੋਂ ਲੰਘਣਾ ਔਖਾ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਇਸ ਸੜਕ ਰਾਹੀਂ ਭਾਰੀ ਵਾਹਨਾਂ ਦਾ ਲਾਂਘਾ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਸੜਕ ਉੱਤੇ ਭਾਰੀ ਵਾਹਨਾਂ ਦਾ ਆਉਣਾ-ਜਾਣਾ ਜਾਰੀ ਹੈ।
ਬੁਲਾਰਿਆਂ ਨੇ ਦੱਸਿਆ ਕਿ ਨੇੜਲੇ ਪਿੰਡਾਂ ਦੇ ਲੋਕ ਇਨ੍ਹਾਂ ਭਾਰੀ ਵਹੀਕਲਾਂ ਤੋਂ ਇਸ ਕਦਰ ਸਹਿਮੇ ਹੋਏ ਹਨ ਕਿ ਉਹ ਜ਼ਰੂਰੀ ਕੰਮਾਂ ਤੋਂ ਬਿਨਾਂ ਘਰ ਤੋਂ ਬਾਹਰ ਹੀ ਨਹੀਂ ਨਿਕਲਦੇ।
ਸਾਬਕਾ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਜਪੁਰਾ ਦੇ ਡੀਐੱਸਪੀ ਮਨਜੀਤ ਸਿੰਘ, ਮੁਹਾਲੀ ਦੇ ਟਰੈਫਿਕ ਦੇ ਡੀਐੱਸਪੀ ਕਰਨੈਲ ਸਿੰਘ ਅਤੇ ਥਾਣਾ ਬਨੂੜ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਵੱਲੋਂ ਫੋਨ ਉੱਤੇ ਸਬੰਧਤ ਮਾਰਗ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਸਬੰਧੀ ਦਿੱਤੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ ਹੈ।