ਯਾਦਗਾਰੀ ਗੇਟ ਦਾ ਨੀਂਹ ਪੱਥਰ ਤੋੜਨ ਤੋਂ ਭੜਕੇ ਲੋਕਾਂ ਵੱਲੋਂ ਧਰਨਾ
ਪੱਤਰ ਪ੍ਰੇਰਕ
ਪਠਾਨਕੋਟ, 31 ਜੁਲਾਈ
ਸ਼ਹੀਦ ਨਾਇਬ ਸੂਬੇਦਾਰ ਉਂਕਾਰ ਸਿੰਘ ਵਾਸੀ ਪਿੰਡ ਨਾਜੋਵਾਲ ਦੀ ਯਾਦ ਵਿੱਚ ਬਣਨ ਵਾਲੇ ਯਾਦਗਾਰੀ ਗੇਟ ਲਈ ਰੱਖੇ ਗਏ ਨੀਂਹ ਪੱਥਰ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਛੇੜ-ਛਾੜ ਕਰਕੇ ਤੋੜ ਦੇਣ ਦੇ ਰੋਸ ਵਜੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਆਗੂਆਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਸ਼ਰਾਰਤੀ ਅਨਸਰ ਦਾ ਪਤਾ ਲਗਾਉਣ ਅਤੇ ਉਸ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗਲਈ ਮੁਜ਼ਾਹਰਾ ਕੀਤਾ। ਇਸ ਮੌਕੇ ਕੁੰਵਰ ਰਵਿੰਦਰ ਵਿੱਕੀ, ਕੁੰਵਰ ਸੰਤੋਖ ਸਿੰਘ, ਸ਼ਹੀਦ ਦੀ ਤਾਈ ਨਿਰਮਲਾ ਦੇਵੀ, ਚਾਚੀ ਨੀਲਮ ਦੇਵੀ, ਭੂਆ ਰਾਜ ਕੁਮਾਰੀ, ਠਾਕੁਰ ਧਰੁਵ ਸਿੰਘ, ਸਰਪੰਚ ਜਰਨੈਲ ਸਿੰਘ, ਨੰਬਰਦਾਰ ਜਸਵੰਤ ਸਿੰਘ, ਕੈਪਟਨ ਬਾਲ ਕ੍ਰਿਸ਼ਨ, ਲਾਡੀ ਨਾਜੋਵਾਲ, ਪ੍ਰਦੀਪ ਸਿੰਘ ਸੈਂਡੀ, ਠਾਕੁਰ ਰਣਧੀਰ ਸਿੰਘ, ਨਾਇਕ ਪੂਰਨ ਚੰਦ ਹਾਜ਼ਰ ਸਨ।
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਨਾਇਬ ਸੂਬੇਦਾਰ ਉਂਕਾਰ ਸਿੰਘ 23 ਦਸੰਬਰ 2022 ਨੂੰ ਦੇਸ਼ ਦੀ ਸੁਰੱਖਿਆ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਗੇਟ ਦਾ ਨਿਰਮਾਣ ਵੀ ਸ਼ੁਰੂ ਹੋਣ ਵਾਲਾ ਸੀ, ਪਰ ਕਿਸੇ ਸ਼ਰਾਰਤੀ ਤੱਤ ਨੇ ਨੀਂਹ ਪੱਥਰ ਨੂੰ ਤੋੜ ਕੇ ਇਸ ਦੀ ਬੇਅਦਬੀ ਕੀਤੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਹੀਦ ਦੇ ਪਰਿਵਾਰ ਵੱਲੋਂ ਇਸ ਦੀ ਲਿਖਤੀ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ ਗਈ ਹੈ। ਇਸ ਕਰਕੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।