ਕਤਲ ਕੀਤੇ ਨੌਜਵਾਨ ਦੇ ਪਰਿਵਾਰ ਵੱਲੋਂ ਪ੍ਰਦਰਸ਼ਨ
ਦੀਪਕ ਠਾਕੁਰ
ਤਲਵਾੜਾ, 3 ਫਰਵਰੀ
ਕਪੂਰਥਲਾ-ਗੋਇੰਦਵਾਲ ਸੜਕ ’ਤੇ ਸਥਿਤ ਪੈਟਰੋਲ ਪੰਪ ਉੱਤੇ ਕੰਮ ਕਰਦੇ ਪਿੰਡ ਭਵਨੌਰ ਵਾਸੀ ਕੁਲਵੰਤ ਸਿੰਘ, ਜਿਸ ਦਾ ਤਿੰਨ ਅਣਪਛਾਤੇ ਹਮਲਾਵਰਾਂ ਨੇ ਸ਼ਨਿਚਰਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਰੋਸ ਵਜੋਂ ਤਲਵਾੜਾ ਦੌਲਤਪੁਰ ਮੁੱਖ ਸੜਕ ’ਤੇ ਆਵਾਜਾਈ ਠੱਪ ਕੇ ਪ੍ਰਦਰਸ਼ਨ ਕੀਤਾ। ਮੌਕੇ ’ਤੇ ਸਾਬਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ, ਵਿਧਾਇਕ ਕਰਮਬੀਰ ਘੁੰਮਣ ਤੇ ਭਾਜਪਾ ਦੇ ਸੀਨੀਅਰ ਆਗੂ ਰਘੂਨਾਥ ਸਿੰਘ ਰਾਣਾ ਵੀ ਪਰਿਵਾਰ ਦੇ ਦੁੱਖ ’ਚ ਸ਼ਾਮਲ ਹੋਏ।
ਡੀਐੱਸਪੀ ਦਸੂਹਾ ਬਲਵਿੰਦਰ ਸਿੰਘ ਜੋੜਾ, ਥਾਣਾ ਤਲਵਾੜਾ ਮੁਖੀ ਹਰਪ੍ਰੇਮ ਸਿੰਘ ਅਤੇ ਵਿਧਾਇਕ ਕਰਮਬੀਰ ਘੁੰਮਣ ਦੇ ਦਖ਼ਲ ਤੋਂ ਬਾਅਦ ਅਤੇ ਪੈਟਰੋਲ ਪੰਪ ਮਾਲਕ ਵਿਕਾਸ ਗੁਪਤਾ ਵਾਸੀ ਕਪੂਰਥਲਾ ਵੱਲੋਂ ਮ੍ਰਿਤਕ ਕੁਲਵੰਤ ਸਿੰਘ ਦੀ ਪਤਨੀ ਅਤੇ ਉਸ ਦੀਆਂ ਦੋ ਨਾਬਾਲਗ ਲੜਕੀਆਂ ਤੇ ਲੜਕੇ ਦੇ ਨਾਂ ’ਤੇ 50 ਹਜ਼ਾਰ ਰੁਪਏ ਦੀ ਐੱਫਡੀ ਕਰਵਾਉਣ ਤੋਂ ਇਲਾਵਾ ਇੱਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਸਮਝੌਤਾ ਹੋਣ ਉਪਰੰਤ ਕਰੀਬ ਦੋ ਘੰਟੇ ਬਾਅਦ ਪੀੜਤਾਂ ਨੇ ਧਰਨਾ ਚੁੱਕ ਲਿਆ।
ਜ਼ਿਕਰਯੋਗ ਹੈ ਕਿ ਪਿੰਡ ਖੀਰਾਂਵਾਲੀ ਥਾਣਾ ਫੱਤੂ ਢਿਗਾਂ ਵਿੱਚ ਸ਼ਨਿਚਰਵਾਰ ਦੀ ਰਾਤ ਨੂੰ 41 ਸਾਲਾ ਕੁਲਵੰਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਦੀ ਜ਼ੇਰੇ ਇਲਾਜ ਮੌਤ ਹੋ ਗਈ ਸੀ, ਉਹ ਘਰ ’ਚ ਕਮਾਉਣ ਵਾਲਾ ਇਕੱਲਾ ਸੀ ਜਿਸ ਦਾ ਵੱਡਾ ਭਰਾ ਬਲਵਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਡਾਇਲਸਿਸ ’ਤੇ ਹੈ। ਇਸ ਮੌਕੇ ਨਵਜੀਵਨ ਕੁਮਾਰ ਪਟਿਆਲ, ਸਾਬਕਾ ਬਲਾਕ ਸਮਿਤੀ ਮੈਂਬਰ ਰਾਕੇਸ਼ ਕੁਮਾਰ ਸ਼ੇਸ਼ਾ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਲੋਕ ਹਾਜ਼ਰ ਸਨ।