ਨਿਗਮ ਦੇ ਬਿਜਲੀ ਕਰਮਚਾਰੀਆਂ ਵੱਲੋਂ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ
ਚੰਡੀਗੜ੍ਹ, 24 ਜੁਲਾਈ
ਇਲੈਕਟ੍ਰੀਸਿਟੀ ਸਟਰੀਟ ਐਂਡ ਲਾਈਟ ਐਂਡ ਵਰਕਰਜ਼ ਯੂਨੀਅਨ ਐੱਮ.ਸੀ. ਦੇ ਸੱਦੇ ’ਤੇ ਨਗਰ ਨਿਗਮ ਵਿੱਚ ਕੰਮ ਕਰ ਰਹੇ ਬਿਜਲੀ ਕਰਮਚਾਰੀਆਂ ਨੇ ਮੈਂਟੀਨੈਂਸ ਬੂਥ ਸੈਕਟਰ 23 ਦੇ ਗੇਟ ’ਤੇ ਕਾਲੇ ਝੰਡੇ ਲੈ ਕੇ ਪ੍ਰਸ਼ਾਸਨ ਦੀ ਵਾਅਦਾਖਿਲਾਫ਼ੀ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸ਼ੁਰੂ ਵਿੱਚ ਜੇਈ ਗਿਆਨ ਚੰਦ ਦੀ ਅਚਾਨਕ ਹੋਈ ਮੌਤ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਵਿੱਚ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਯੂਨੀਅਨ ਦੇ ਜਨਰਲ ਸਕੱਤਰ ਦਲਜੀਤ ਸਿੰਘ, ਵਾਈਸ ਪ੍ਰਧਾਨ ਹਰਪ੍ਰੀਤ ਸਿੰਘ, ਜੁਆਇੰਟ ਸਕੱਤਰ ਪ੍ਰੇਮ ਚੰਦ, ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ, ਸੁਖਵਿੰਦਰ ਸਿੰਘ, ਵਾਟਰ ਸਪਲਾਈ ਵਰਕਰਸ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੁਮਾਰ ਅਤੇ ਪੈਟਰਨ ਸੁਰਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਡੇਲੀਵੇਜ਼ ਵਰਕਰਾਂ ਨੂੰ 1 ਜਨਵਰੀ 2016 ਤੋਂ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਜਲਦ ਦਿੱਤਾ ਜਾਵੇ, 31 ਦਸੰਬਰ 1996 ਦੇ ਬਾਅਦ ਭਰਤੀ ਹੋਏ ਡੇਲੀਵੇਜ਼ ਵਰਕਰਾਂ ਨੂੰ 13 ਮਾਰਚ 2015 ਦੀ ਪਾਲਿਸੀ ਦੇ ਸਾਰੇ ਲਾਭ ਦਿੱਤੇ ਜਾਣ, ਆਊਟ ਸੋਰਸਡ ਵਰਕਰਾਂ ਦੇ ਲਈ ਸੁਰੱਖਿਅਤ ਪਾਲਿਸੀ ਬਣਾਈ ਜਾਵੇ ਅਤੇ ਸਮਾਨ ਕੰਮ ਦੇ ਲਈ ਸਮਾਨ ਤਨਖਾਹ ਦਿੱਤੀ ਜਾਵੇ, ਖਾਲੀ ਪਈਆਂ ਪੋਸਟਾਂ ’ਤੇ ਡੇਲੀਵੇਜ਼ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਕਿ ਪ੍ਰਮੋਸ਼ਨ ਕੋਟੇ ਦੀਆਂ ਪੋਸਟਾਂ ਵੀ ਜਲਦ ਭਰੀਆਂ ਜਾਣ, ਵਰਕਰਾਂ ਦਾ ਟੂਲ, ਟੂਲ ਬੈਗ ਯੂਨੀਫਾਰਮ ਅਤੇ ਤੇਲ ਸਾਬਣ ਦਾ ਭੁਗਤਾਨ ਜਲਦ ਕੀਤਾ ਜਾਵੇ।
ਯੂਟੀ ਸਕੱਤਰੇਤ ਦੇ ਘਿਰਾਓ ਦਾ ਐਲਾਨ
ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਕਿ ਜੇਕਰ ਪ੍ਰਸ਼ਾਸਨ ਨੇ ਕਾਮਿਆਂ ਦੇ ਮਸਲੇ ਗੱਲਬਾਤ ਰਾਹੀਂ ਹੱਲ ਨਾ ਕੀਤੇ ਤਾਂ 11 ਅਗਸਤ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਨਗਰ ਨਿਗਮ ਦੇ ਬਿਜਲੀ ਕਾਮੇ ਵੀ ਯੂਟੀ.ਸਕੱਤਰੇਤ ਦਾ ਘਿਰਾਓ ਕਰਨਗੇ।